ਦਿੜਬਾ ਮੰਡੀ: ਦਿੜਬਾ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਰੋਗਲਾ ਵਿੱਚ ਕੁਝ ਦਿਨ ਪਹਿਲਾਂ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਇਲਾਜ ਦੌਰਾਨ ਜਸਕਰਨ ਸਿੰਘ ਨਾਂ ਦੇ ਕਬੱਡੀ ਖਿਡਾਰੀ ਦੀ ਮੌਤ ਹੋ ਗਈ । ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਅਤੇ ਰੋਹ ਦੀ ਲਹਿਰ ਹੈ।
ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਵੱਲੋਂ ਦਿੜਬਾ ਪੁਲਿਸ ਥਾਣੇ ਵਿੱਚ ਦਰਜ ਕਰਵਾਏ ਬਿਆਨ ਅਨੁਸਾਰ, ਜਸਕਰਨ ਰਾਤ ਕਰੀਬ 8 ਵਜੇ ਘਬਰਾਇਆ ਹੋਇਆ ਘਰ ਪਹੁੰਚਿਆ । ਇਸ ਦੌਰਾਨ ਪਿੰਡ ਦੇ ਕੁਝ ਲੋਕ ਲੋਹੇ ਦੇ ਸੰਦ , ਡੰਡੇ , ਸੋਟੀਆਂ ਲੈ ਕੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਘਰ ਵਿੱਚ ਦਾਖਲ ਹੋ ਗਏ ।
ਦੋਸ਼ ਹੈ ਕਿ ਹਮਲਾਵਰਾਂ ਨੇ ਜਸਕਰਨ ਦੇ ਸਿਰ ‘ਤੇ ਕਈ ਵਾਰ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਕੇ ਡਿੱਗ ਪਏ। ਉਨ੍ਹਾਂ ਦੀ ਮਾਂ, ਜਿਨ੍ਹਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਵੀ ਕੁੱਟਮਾਰ ਕੀਤੀ ਗਈ। ਪਰਿਵਾਰਕ ਮੈਂਬਰ ਜਸਕਰਨ ਨੂੰ ਤੁਰੰਤ ਹਸਪਤਾਲ ਲੈ ਗਏ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਸੰਗਰੂਰ ਅਤੇ ਫਿਰ ਪਟਿਆਲਾ ਰੈਫਰ ਕੀਤਾ ਗਿਆ। ਪਟਿਆਲਾ ਵਿਖੇ ਵੀ ਹਾਲਤ ਨਾਜ਼ੁਕ ਬਣੀ ਰਹਿਣ ਕਾਰਨ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਣ ਤੱਕ ਅੰਤਿਮ ਸਸਕਾਰ ਨਾ ਕੀਤਾ ਜਾਵੇ। ਪੁਲਿਸ ਪ੍ਰਸ਼ਾਸਨ ਵੱਲੋਂ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਮਿਲਣ ‘ਤੇ ਉਹ ਸਹਿਮਤ ਹੋ ਗਏ ਅਤੇ ਬਾਅਦ ਵਿੱਚ ਪਿੰਡ ਰੋਗਲਾ ਦੇ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਦਿੜਬਾ ਦੇ ਸਟੇਸ਼ਨ ਹਾਊਸ ਅਫ਼ਸਰ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਨੌਂ ਨਾਮਜ਼ਦ ਵਿਅਕਤੀਆਂ (ਜਿਨ੍ਹਾਂ ਵਿੱਚ ਦੋ ਔਰਤਾਂ ਸ਼ਾਮਲ ਹਨ) ਅਤੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।












