ਅਜਮੇਰ: ਰਾਜਸਥਾਨ ਦੇ ਅਜਮੇਰ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਆਦਰਸ਼ ਨਗਰ ਥਾਣਾ ਖੇਤਰ ਦੇ ਗੜ੍ਹੀ ਮਲਿਆਣ ਇਲਾਕੇ ਵਿੱਚ ਇੱਕ ਕਾਰੋਬਾਰੀ, ਉਸ ਦੀ ਪਤਨੀ ਅਤੇ 20 ਸਾਲਾ ਧੀ ਦੀ ਸਿਹਤ ਅਚਾਨਕ ਵਿਗੜ ਗਈ। ਤਿੰਨਾਂ ਨੂੰ ਇਲਾਜ ਲਈ ਜਵਾਹਰਲਾਲ ਨਹਿਰੂ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ 59 ਸਾਲਾ ਅਸ਼ੋਕ ਸ਼ਰਮਾ, ਉਨ੍ਹਾਂ ਦੀ 52 ਸਾਲਾ ਪਤਨੀ ਇੰਦਰਾ ਸ਼ਰਮਾ ਅਤੇ 20 ਸਾਲਾ ਧੀ ਦੀਕਸ਼ਾ ਸ਼ਰਮਾ ਵਜੋਂ ਹੋਈ ਹੈ।
ਘਟਨਾ ਤੋਂ ਪਹਿਲਾਂ ਰਿਸ਼ਤੇਦਾਰ ਨੂੰ ਕੀਤਾ ਸੀ ਫੋਨ
ਪੁਲਿਸ ਜਾਂਚ ਮੁਤਾਬਕ ਘਟਨਾ ਤੋਂ ਪਹਿਲਾਂ ਅਸ਼ੋਕ ਸ਼ਰਮਾ ਨੇ ਫੁਲੇਰਾ, ਜੈਪੁਰ ਰਹਿੰਦੇ ਆਪਣੇ ਭਾਣਜੇ ਨਿਰਮਲ ਨੂੰ ਫੋਨ ਕੀਤਾ ਸੀ। ਫੋਨ ਨਿਰਮਲ ਦੀ ਪਤਨੀ ਨੇ ਚੁੱਕਿਆ, ਜਿਸ ਦੌਰਾਨ ਅਸ਼ੋਕ ਵੱਲੋਂ ਕਥਿਤ ਤੌਰ ’ਤੇ ਇਹ ਕਿਹਾ ਗਿਆ ਕਿ ਹੁਣ ਗੱਲ ਨਹੀਂ ਹੋਵੇਗੀ।
ਇਸ ਤੋਂ ਬਾਅਦ ਪਰਿਵਾਰ ਨੂੰ ਚਿੰਤਾ ਹੋਈ ਅਤੇ ਨਿਰਮਲ ਨੇ ਅਜਮੇਰ ਵਿੱਚ ਰਹਿੰਦੇ ਉਨ੍ਹਾਂ ਦੇ ਗੁਆਂਢੀ ਗੁਰਦੱਤ ਨੂੰ ਘਰ ਜਾ ਕੇ ਦੇਖਣ ਲਈ ਕਿਹਾ। ਗੁਰਦੱਤ ਦੇ ਘਰ ਪਹੁੰਚਣ ’ਤੇ ਤਿੰਨਾਂ ਦੀ ਹਾਲਤ ਗੰਭੀਰ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਪੁੱਤਰ ਵੀ ਘਰ ਵਿੱਚ ਸੀ ਮੌਜੂਦ
ਘਟਨਾ ਸਮੇਂ ਅਸ਼ੋਕ ਸ਼ਰਮਾ ਦਾ ਪੁੱਤਰ ਗੌਰਵ ਵੀ ਘਰ ਵਿੱਚ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਜੈਪੁਰ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਅਜਮੇਰ ਆਇਆ ਸੀ। ਪਰਿਵਾਰ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਗੌਰਵ ਦੀ ਸਿਹਤ ਵੀ ਵਿਗੜ ਗਈ।
ਪੁਲਿਸ ਜਾਂਚ ‘ਚ ਕਰਜ਼ੇ ਦੀ ਗੱਲ ਸਾਹਮਣੇ ਆਈ
ਅਸ਼ੋਕ ਸ਼ਰਮਾ ਫਰਨੀਚਰ ਦਾ ਕਾਰੋਬਾਰ ਕਰਦੇ ਸਨ। ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਕੁਝ ਗੁਆਂਢੀਆਂ ਨੇ ਦੱਸਿਆ ਕਿ ਉਹ ਕਥਿਤ ਤੌਰ ’ਤੇ ਆਰਥਿਕ ਮੁਸ਼ਕਲਾਂ ਅਤੇ ਕਰਜ਼ੇ ਨੂੰ ਲੈ ਕੇ ਪਰੇਸ਼ਾਨ ਸਨ। ਹਾਲਾਂਕਿ ਪੁਲਿਸ ਨੇ ਹਾਲੇ ਤੱਕ ਆਰਥਿਕ ਪਰੇਸ਼ਾਨੀ ਨੂੰ ਮੌਤਾਂ ਦਾ ਕਾਰਨ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਆਦਰਸ਼ ਨਗਰ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। FSL ਟੀਮ ਵੱਲੋਂ ਵੀ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਗਏ ਹਨ। ਪੁਲਿਸ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਮੌਤਾਂ ਦੇ ਅਸਲ ਕਾਰਨਾਂ ਅਤੇ ਘਟਨਾ ਦੀਆਂ ਸਥਿਤੀਆਂ ਬਾਰੇ ਅੰਤਿਮ ਤਸਵੀਰ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।












