ਹਰਿਆਣਾ: ਹਰਿਆਣਵੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਦਿਲੇਰ ਖਰਕੀਆ ਦੀ Range Rover ਗੱਡੀ ’ਤੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੌਰਾਨ ਗਾਇਕ ਸੁਰੱਖਿਅਤ ਰਹੇ ਅਤੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਵੱਲੋਂ ਦਿਲੇਰ ਖਰਕੀਆ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕੀਤੀ ਗਈ। ਘਟਨਾ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੋਸਟ ਵਿੱਚ ਹਿਮਾਂਸ਼ੂ ਸੋਨੀਪਤ, ਹੈਰੀ ਬਾਕਸਰ, ਹਰਮਨ ਸੰਧੂ ਅਤੇ ਅਨਿਲ ਪੰਡਿਤ ਦੇ ਨਾਮ ਲਿਖੇ ਗਏ ਹਨ। ਪੋਸਟ ਵਿੱਚ ਫੋਨ ਕਾਲ ਦਾ ਜਵਾਬ ਨਾ ਦੇਣ ਨਾਲ ਸਬੰਧਤ ਧਮਕੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਸੋਸ਼ਲ ਮੀਡੀਆ ਪੋਸਟ ਵਿੱਚ ਕੀਤੇ ਗਏ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਫਾਇਰਿੰਗ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ CCTV ਕੈਮਰਿਆਂ ਦੀ ਫੁਟੇਜ ਸਮੇਤ ਹੋਰ ਸਬੂਤਾਂ ਦੀ ਜਾਂਚ ਕਰ ਰਹੀ ਹੈ। ਨਾਲ ਹੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਪੋਸਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਘਟਨਾ ਨਾਲ ਜੁੜੇ ਲੋਕਾਂ ਦੀ ਪਛਾਣ ਕੀਤੀ ਜਾ ਸਕੇ।
2018 ’ਚ ਮਿਊਜ਼ਿਕ ਇੰਡਸਟਰੀ ’ਚ ਰੱਖਿਆ ਸੀ ਕਦਮ
ਦਿਲੇਰ ਖਰਕੀਆ ਦਾ ਜਨਮ 8 ਅਗਸਤ 1997 ਨੂੰ ਭਿਵਾਨੀ ਜ਼ਿਲ੍ਹੇ ਦੇ ਪਿੰਡ ਖਰਕ ਵਿੱਚ ਹੋਇਆ ਦੱਸਿਆ ਜਾਂਦਾ ਹੈ। ਉਨ੍ਹਾਂ ਨੇ ਸਾਲ 2018 ਵਿੱਚ ਹਰਿਆਣਵੀ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਦੇ ਕਈ ਗੀਤ ਸਰੋਤਿਆਂ ਵਿੱਚ ਚਰਚਿਤ ਰਹੇ ਹਨ, ਜਿਨ੍ਹਾਂ ਵਿੱਚ ‘ਹਾਈਕੋਰਟ’, ‘ਕਬੂਤਰੀ’, ‘ਲੀਲੋ ਚਮਨ’, ‘ਮੋਟੋ’, ‘ਜੁੱਤੀ ਕਾਲੀ’ ਅਤੇ ‘ਆਲੂ ਮਟਰ’ ਆਦਿ ਸ਼ਾਮਲ ਹਨ। ਫਿਲਹਾਲ ਪੁਲਿਸ ਵੱਲੋਂ ਫਾਇਰਿੰਗ ਦੇ ਕਾਰਨਾਂ ਅਤੇ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।












