ਰੂਸ: ਥਲ ਸੈਨਾ ਮੁਖੀ ਜਨਰਲ ਧੀਰਜ ਸੇਠ 16 ਤੋਂ 18 ਸਤੰਬਰ 2026 ਤੱਕ ਰੂਸ ਦੇ ਤਿੰਨ ਦਿਨਾਂ ਦੇ ਅਧਿਕਾਰਤ ਦੌਰੇ ‘ਤੇ ਹਨ। ਇਸ ਦੌਰੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਰੱਖਿਆ ਸਾਂਝੇਦਾਰੀ ਅਤੇ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਸ ਦੌਰੇ ਦੌਰਾਨ, ਥਲ ਸੈਨਾ ਮੁਖੀ ਨੂੰ ਰਸਮੀ ‘ਗਾਰਡ ਆਫ਼ ਆਨਰ’ ਦਿੱਤਾ ਜਾਵੇਗਾ ਅਤੇ ਉਹ ਮਾਸਕੋ ਵਿੱਚ ‘ਟੌਂਬ ਆਫ਼ ਦ ਅਨਨੋਨ ਸੋਲਜਰ’ ‘ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਹ ਰੂਸੀ ਥਲ ਫੌਜ ਦੇ ਕਮਾਂਡਰ-ਇਨ-ਚੀਫ਼, ਕਰਨਲ ਜਨਰਲ ਆਂਦਰੇਈ ਨਿਕੋਲਾਏਵਿਚ ਮੋਰਦਵਿਚੇਵ (Colonel General Andrei Nikolayevich Mordvichev) ਨਾਲ ਫੌਜੀ ਸਹਿਯੋਗ ਅਤੇ ਸਿਖਲਾਈ ਸਮੇਤ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਚਰਚਾ ਕਰਨਗੇ।
ਥਲ ਸੈਨਾ ਦੇ ਮੁੱਖੀ ਮਾਸਕੋ ਸਥਿਤ ‘ਰਾਸ਼ਟਰੀ ਰੱਖਿਆ ਕੰਟਰੋਲ ਕੇਂਦਰ’ ਦਾ ਦੌਰਾ ਕਰਨਗੇ ਅਤੇ ਰੂਸੀ ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਜਿਨ੍ਹਾਂ ਵਿੱਚ ਰੱਖਿਆ ਉਦਯੋਗ ਅਤੇ ਖਰੀਦ ਨਾਲ ਸਬੰਧਿਤ ਮਾਮਲਿਆਂ ਦੇ ਇੰਚਾਰਜ ਉਪ ਰੱਖਿਆ-ਮੰਤਰੀ ਸ਼੍ਰੀ ਵਾਸਿਲੀ ਸਰਗੇਏਵਿਚ ਓਸਮਾਕੋਵ ਵੀ ਸ਼ਾਮਲ ਹਨ। ਇਨ੍ਹਾਂ ਮੁਲਾਕਾਤਾਂ ਨਾਲ ਮੌਜੂਦਾ ਫੌਜੀ ਘਟਨਾਕ੍ਰਮਾਂ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਰੱਖਿਆ ਸਹਿਯੋਗ ਵਧਾਉਣ ਦੇ ਮੌਕਿਆ ਦਾ ਲਾਭ ਮਿਲੇਗਾ।
ਇਸ ਦੌਰੇ ਦੇ ਅਧੀਨ, ਜਨਰਲ ਧੀਰਜ ਸੇਠ ਸੇਂਟ ਪੀਟਰਸਬਰਗ ਵੀ ਜਾਣਗੇ, ਜਿੱਥੇ ਉਹ ਮਿਖਾਇਲੋਵਸਕਾਯਾ ਮਿਲਟਰੀ ਆਰਟਿਲਰੀ ਅਕੈਡਮੀ ਦਾ ਦੌਰਾ ਕਰਨਗੇ ਅਤੇ ਐਕਡਮੀ ਦੀ ਅਗਵਾਈ ਅਤੇ ਫੈਕਲਟੀ ਨਾਲ ਗੱਲਬਾਤ ਕਰਨਗੇ।
ਇਹ ਦੌਰਾ ਦੋਵਾਂ ਦੇਸ਼ਾਂ ਦੁਆਰਾ ਸਥਿਰ ਫੌਜੀ ਕੂਟਨੀਤੀ ਅਤੇ ਆਪਸੀ ਫੌਜੀ ਸਹਿਯੋਗ ਦੇ ਮਹੱਤਵ ਨੂੰ ਦਰਸਾਉਂਦਾ ਹੈ। ਇਨ੍ਹਾਂ ਮੁਲਾਕਾਤਾਂ ਨਾਲ ਫੌਜੀ ਸਹਿਯੋਗ ਨੂੰ ਡੂੰਘਾ ਕਰਨ ਅਤੇ ਭਾਰਤ ਅਤੇ ਰੂਸ ਵਿਚਕਾਰ ਲੰਬੇ ਸਮੇਂ ਤੋਂ ਚੱਲੇ ਆ ਰਹੇ ਰੱਖਿਆ ਸਬੰਧਾਂ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ।












