ਉਤਰਾਖੰਡ : ਉਤਰਾਖੰਡ ਵਿੱਚ ਕੇਦਾਰਨਾਥ ਯਾਤਰਾ ਮਾਰਗ ‘ਤੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਚਿਰਬਾਸਾ ਹੈਲੀਪੈਡ ਨੇੜੇ ਇੱਕ ਪਹਾੜੀ ਤੋਂ ਅਚਾਨਕ ਡਿੱਗੇ ਪੱਥਰਾਂ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਲਬਾ ਆਉਣ ਨਾਲ ਤੀਰਥ ਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਖਰਾਬ ਮੌਸਮ ਅਤੇ ਲਗਾਤਾਰ ਮੀਂਹ ਕਾਰਨ ਕੇਦਾਰਨਾਥ ਯਾਤਰਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਪਹਾੜੀ ਤੋਂ ਡਿੱਗੇ ਭਾਰੀ ਪੱਥਰ
ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਇਹ ਘਟਨਾ ਬੀਤੇ ਦਿਨ ਵਾਪਰੀ, ਜਦੋਂ ਕੇਦਾਰਨਾਥ ਵਿੱਚ ਚਿਰਬਾਸਾ ਹੈਲੀਪੈਡ ਦੇ ਨੇੜੇ ਇੱਕ ਪਹਾੜੀ ਤੋਂ ਅਚਾਨਕ ਵੱਡੇ-ਵੱਡੇ ਪੱਥਰ ਡਿੱਗ ਪਏ। ਇਸ ਦੌਰਾਨ ਉੱਥੋਂ ਲੰਘ ਰਹੇ ਇੱਕ 65 ਸਾਲਾ ਸ਼ਰਧਾਲੂ ਪੱਥਰਾਂ ਨਾਲ ਟਕਰਾ ਗਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 65 ਸਾਲਾ ਮਦਨ ਮੋਹਨ ਤਿਵਾੜੀ ਵਜੋਂ ਹੋਈ ਹੈ, ਜੋ ਕਿ ਉਖੀਮਠ ਦਾ ਰਹਿਣ ਵਾਲਾ ਸੀ।
ਯਾਤਰੀਆਂ ਦੇ ਲਈ ਐਡਵਾਇਜ਼ਰੀ ਜਾਰੀ
ਲਗਾਤਾਰ ਪੈ ਰਹੇ ਮੀਂਹ ਅਤੇ ਮਲਬੇ ਦੇ ਕਾਰਨ, ਕੇਦਾਰਨਾਥ ਪੈਦਲ ਰਸਤਾ ਅਤੇ ਸੜਕ ਕਈ ਥਾਵਾਂ ‘ਤੇ ਬੰਦ ਹੋ ਗਈ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ‘ਤੇ ਯਾਤਰਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਕੇਦਾਰਨਾਥ ਵੱਲ ਜਾ ਰਹੇ ਸ਼ਰਧਾਲੂਆਂ ਨੂੰ ਸੋਨਪ੍ਰਯਾਗ ਅਤੇ ਗੌਰੀਕੁੰਡ ਵਿੱਚ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਯਾਤਰਾ ਤੋਂ ਵਾਪਸ ਆਉਣ ਵਾਲਿਆਂ ਨੂੰ ਜੰਗਲਚੱਟੀ ਵਿੱਚ ਰੋਕ ਦਿੱਤਾ ਗਿਆ ਹੈ।
ਪ੍ਰਸ਼ਾਸਨ ਅਤੇ ਪੁਲਿਸ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਰਸਤਾ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਜਾਂਦਾ ਅਤੇ ਅਧਿਕਾਰਤ ਇਜਾਜ਼ਤ ਨਹੀਂ ਮਿਲ ਜਾਂਦੀ, ਉਦੋਂ ਤੱਕ ਅੱਗੇ ਨਾ ਵਧਿਆ ਜਾਵੇ। ਮੌਸਮ ਆਮ ਹੋਣ ਅਤੇ ਰਸਤੇ ਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਹੀ ਯਾਤਰਾ ਨੂੰ ਦੁਬਾਰਾ ਸ਼ੁਰੂ ਕੀਤੀ ਜਾਵੇਗੀ।










