ਨਾਗੋਆ: ਜਾਪਾਨ ਦੇ ਨਾਗੋਆ ਸ਼ਹਿਰ ਵਿੱਚ ਰਿਕਾਰਡ ਤੋੜ ਮੀਂਹ ਤੋਂ ਬਾਅਦ ਆਏ ਹੜ੍ਹ ਨੇ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਵਿਚਾਲੇ ਚਿੰਤਾ ਵਧਾ ਦਿੱਤੀ ਹੈ। ਏਸ਼ੀਆਈ ਖੇਡਾਂ ਸ਼ੁਰੂ ਹੋਣ ਤੋਂ ਸਿਰਫ਼ 10 ਦਿਨ ਪਹਿਲਾਂ ਮੰਗਲਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਅਤੇ ਘਰ ਪਾਣੀ ਵਿੱਚ ਡੁੱਬ ਗਏ। ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ।
ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਏਸ਼ੀਆਈ ਖੇਡਾਂ ਲਈ ਪਹਿਲਾਂ ਹੀ ਨਾਗੋਆ ਪਹੁੰਚ ਚੁੱਕੇ ਲਗਭਗ 400 ਐਥਲੀਟਾਂ ਅਤੇ ਸਟਾਫ਼ ਮੈਂਬਰਾਂ ਨੂੰ ਕੁਝ ਸਮੇਂ ਲਈ ਉੱਚੀ ਅਤੇ ਸੁਰੱਖਿਅਤ ਥਾਂ ’ਤੇ ਤਬਦੀਲ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਸਾਰੇ ਐਥਲੀਟ ਸੁਰੱਖਿਅਤ ਹਨ ਅਤੇ ਕਿਸੇ ਵੱਡੀ ਸੱਟ ਜਾਂ ਨੁਕਸਾਨ ਦੀ ਰਿਪੋਰਟ ਨਹੀਂ ਹੋਈ। ਬਾਅਦ ਵਿੱਚ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।
ਨਾਗੋਆ ਦੇ ਮੇਅਰ ਇਚੀਰੋ ਹੀਰੋਸਾਵਾ ਨੇ ਕਿਹਾ ਕਿ ਮੌਜੂਦਾ ਹਾਲਾਤ ਏਸ਼ੀਆਈ ਖੇਡਾਂ ਦੇ ਆਯੋਜਨ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਨਹੀਂ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਖੇਡਾਂ ਨਿਰਧਾਰਤ ਕਾਰਜਕ੍ਰਮ ਅਨੁਸਾਰ ਹੀ ਕਰਵਾਈਆਂ ਜਾਣਗੀਆਂ। ਕੁਝ ਖੇਡ ਸਥਾਨਾਂ ’ਤੇ ਮਾਮੂਲੀ ਸਮੱਸਿਆਵਾਂ, ਜਿਵੇਂ ਛੱਤਾਂ ਤੋਂ ਪਾਣੀ ਲੀਕ ਹੋਣ ਦੀਆਂ ਘਟਨਾਵਾਂ, ਸਾਹਮਣੇ ਆਈਆਂ ਹਨ, ਪਰ ਵੱਡੇ ਪੱਧਰ ’ਤੇ ਖੇਡ ਸਥਾਨ ਸੁਰੱਖਿਅਤ ਦੱਸੇ ਗਏ ਹਨ।
2026 ਏਸ਼ੀਆਈ ਖੇਡਾਂ 19 ਸਤੰਬਰ ਤੋਂ 4 ਅਕਤੂਬਰ ਤੱਕ ਆਈਚੀ-ਨਾਗੋਆ ਵਿੱਚ ਹੋਣੀਆਂ ਹਨ। ਅਧਿਕਾਰਤ ਆਯੋਜਨ ਕਮੇਟੀ ਮੁਤਾਬਕ ਉਦਘਾਟਨੀ ਸਮਾਰੋਹ 19 ਸਤੰਬਰ ਨੂੰ ਹੋਵੇਗਾ। ਇਨ੍ਹਾਂ ਖੇਡਾਂ ਵਿੱਚ ਏਸ਼ੀਆ ਦੇ 45 ਦੇਸ਼ਾਂ ਅਤੇ ਖੇਤਰਾਂ ਤੋਂ 11 ਹਜ਼ਾਰ ਤੋਂ ਵੱਧ ਐਥਲੀਟਾਂ ਦੇ ਹਿੱਸਾ ਲੈਣ ਦੀ ਉਮੀਦ ਹੈ।
ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਸਥਿਤੀ ’ਤੇ ਨਿਗਰਾਨੀ ਜਾਰੀ ਹੈ। ਪ੍ਰਬੰਧਕਾਂ ਲਈ ਹੁਣ ਸਭ ਤੋਂ ਵੱਡੀ ਤਰਜੀਹ ਐਥਲੀਟਾਂ ਦੀ ਸੁਰੱਖਿਆ, ਆਵਾਜਾਈ ਅਤੇ ਖੇਡ ਸਥਾਨਾਂ ਦੀ ਜਾਂਚ ਯਕੀਨੀ ਬਣਾਉਣਾ ਹੈ।












