ਬੀਜਿੰਗ: ਪੂਰਬੀ ਚੀਨ ਵਿੱਚ ਚੱਕਰਵਾਤ ‘ਸੌਡੇਲ’ ਕਾਰਨ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ। ਭਾਰੀ ਮੀਂਹ ਦੇ ਵਿਚਕਾਰ ਹੋਏ ਭੂਸਖਲਨ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 9 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਹੈ। ਅਧਿਕਾਰੀਆਂ ਮੁਤਾਬਕ ਸ਼ਨੀਵਾਰ ਤੜਕੇ ਜਿਆਂਗਸ਼ੀ ਸੂਬੇ ਦੀ ਸੂਈਚੁਆਨ ਕਾਊਂਟੀ ਦੇ ਇੱਕ ਪਿੰਡ ਵਿੱਚ ਭੂਸਖਲਨ ਹੋਇਆ। ਸਰਕਾਰੀ ਪ੍ਰਸਾਰਕ CCTV ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਬਚਾਅ ਟੀਮਾਂ ਨੇ ਮਲਬੇ ਵਿੱਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ। ਚੱਕਰਵਾਤ ਅਤੇ ਭਾਰੀ ਮੀਂਹ ਦੇ ਮੱਦੇਨਜ਼ਰ ਦੇਸ਼ ਵਿੱਚ 5,300 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
CCTV ਦੀ ਇੱਕ ਹੋਰ ਰਿਪੋਰਟ ਮੁਤਾਬਕ ਦੱਖਣ-ਮੱਧ ਚੀਨ ਦੇ ਹੁਨਾਨ ਸੂਬੇ ਵਿੱਚ ਵੀ ਚੱਕਰਵਾਤ ਨਾਲ ਜੁੜੀ ਭਾਰੀ ਬਾਰਿਸ਼ ਕਾਰਨ ਦੋ ਲੋਕਾਂ ਦੀ ਮੌਤ ਹੋਈ ਹੈ। ਰਿਪੋਰਟ ਵਿੱਚ ਮੌਤਾਂ ਦੇ ਸਹੀ ਕਾਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ, ਪਰ ਭਾਰੀ ਮੀਂਹ ਕਾਰਨ ਭੂਸਖਲਨ ਸਮੇਤ ਹੋਰ ਕੁਦਰਤੀ ਆਫ਼ਤਾਂ ਵਾਪਰਨ ਦੀ ਗੱਲ ਕਹੀ ਗਈ ਹੈ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਮੁਤਾਬਕ ਚੱਕਰਵਾਤ ‘ਸੌਡੇਲ’ ਨੇ 28 ਅਗਸਤ ਨੂੰ ਝੇਜਿਆਂਗ ਸੂਬੇ ਵਿੱਚ ਦੋ ਵਾਰ ਅਤੇ 3 ਸਤੰਬਰ ਨੂੰ ਫੁਜਿਆਨ ਸੂਬੇ ਵਿੱਚ ਇੱਕ ਵਾਰ ਤੂਫ਼ਾਨੀ ਸਿਸਟਮ ਵਜੋਂ ਦਸਤਕ ਦਿੱਤੀ। ਝੇਜਿਆਂਗ ਅਤੇ ਫੁਜਿਆਨ ਦੋਵੇਂ ਸੂਬੇ ਜਿਆਂਗਸ਼ੀ ਦੇ ਨੇੜੇ ਹਨ। ਭਾਰੀ ਮੀਂਹ ਅਤੇ ਭੂਸਖਲਨ ਦੇ ਖਤਰੇ ਨੂੰ ਦੇਖਦਿਆਂ ਰਾਹਤ ਅਤੇ ਬਚਾਅ ਟੀਮਾਂ ਨੂੰ ਚੌਕਸ ਰੱਖਿਆ ਗਿਆ ਹੈ।












