ਤਿਰੁਪਤੀ: ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਤਿਰੁਮਾਲਾ ਤਿਰੂਪਤੀ ਬਾਲਾਜੀ ਮੰਦਰ ਦਾ ਪ੍ਰਬੰਧਨ ਕਰਨ ਵਾਲੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਦੇ ਉਪ ਕਾਰਜਕਾਰੀ ਅਧਿਕਾਰੀ (Dy.EO) ਮੇਂਡੂ ਲੋਕਨਾਧਾਮ ਭ੍ਰਿਸ਼ਟਾਚਾਰ ਰੋਕੂ ਬਿਊਰੋ (ACB) ਦੇ ਰਡਾਰ ਵਿੱਚ ਆ ਗਏ ਹਨ। ਮੇਂਡੂ ਲੋਕਨਾਧਾਮ ਨਾਲ ਸਬੰਧਤ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 5 ਕਰੋੜ ਰੁਪਏ ਦਾ ਸੋਨਾ, ਚਾਂਦੀ ਅਤੇ ਪਲੈਟੀਨਮ ਦੇ ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਗਿਆ। ਭ੍ਰਿਸ਼ਟਾਚਾਰ ਰੋਕੂ ਏਜੰਸੀ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਤਿਰੂਪਤੀ ਜ਼ਿਲ੍ਹੇ ‘ਚ ਚਾਰ ਥਾਵਾਂ ‘ਤੇ ਤਲਾਸ਼ੀ ਲਈ ਗਈ, ਜਿਸ ‘ਚ ਦੋਸ਼ੀ ਅਧਿਕਾਰੀ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਘਰ ਵੀ ਸ਼ਾਮਲ ਹਨ।
ਬੀਤੀ ਦੇਰ ਰਾਤ ਜਾਰੀ ਏ.ਸੀ.ਬੀ. ਦੀ ਪ੍ਰੈਸ ਰਿਲੀਜ਼ ਅਨੁਸਾਰ, ਇਹ ਕਾਰਵਾਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੁਆਰਾ ਆਂਧਰਾ ਪ੍ਰਦੇਸ਼ ਏ.ਸੀ.ਬੀ. ਨਾਲ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਧਾਰ ‘ਤੇ ਕੀਤੀ ਗਈ ਹੈ। ਇਹ ਜਾਣਕਾਰੀ ਟੀ.ਟੀ.ਡੀ. ਦੇ ਕੁਝ ਕਰਮਚਾਰੀਆਂ ਦੀ ਕਥਿਤ ਤੌਰ ‘ਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਬਾਰੇ ਸੀ। ਸੀ.ਬੀ.ਆਈ. ਨੇ ਹਾਲ ਹੀ ਵਿੱਚ ਤਿਰੂਪਤੀ ਲੱਡੂ ਵਿੱਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਵਿੱਚ ਕਥਿਤ ਮਿਲਾਵਟ ਦੀ ਜਾਂਚ ਪੂਰੀ ਕੀਤੀ ਸੀ ਅਤੇ ਚਾਰਜਸ਼ੀਟ ਦਾਇਰ ਕੀਤੀ ਸੀ। ਉਸ ਜਾਂਚ ਦੌਰਾਨ ਉਸ ਨੇ ਏ.ਸੀ.ਬੀ. ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ। ਇਸ ਜਾਣਕਾਰੀ ਦੇ ਆਧਾਰ ‘ਤੇ, ACB ਨੇ ਪਹਿਲਾਂ 22 ਅਪ੍ਰੈਲ, 2026 ਨੂੰ TTD ਦੇ ਸਾਬਕਾ ਚੇਅਰਮੈਨ ਵਾਈ.ਵੀ. ਸੁੱਬਾ ਰੈਡੀ ਦੇ ਨਿੱਜੀ ਸਹਾਇਕ ਕੇ. ਚਿੰਨਾ ਅਪੰਨਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਹੋਰ ਜਾਂਚ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ, ਏ.ਸੀ.ਬੀ. ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 (ਜਿਵੇਂ ਕਿ 2018 ਵਿੱਚ ਸੋਧਿਆ ਗਿਆ) ਦੀ ਧਾਰਾ 13(2) ਅਤੇ ਧਾਰਾ 13(1)(ਬੀ) ਦੇ ਤਹਿਤ ਲੋਕਨਾਧਾਮ ਦੇ ਖ਼ਿਲਾਫ਼ ਇੱਕ ਵੱਖਰਾ ਕੇਸ ਦਰਜ ਕੀਤਾ। ਇਹ ਕੇਸ ਅਪਰਾਧ ਨੰਬਰ 06/RCA-TCT/2026 ਵਜੋਂ ਦਰਜ ਕੀਤਾ ਗਿਆ । ਜਾਂਚ ਦੇ ਹਿੱਸੇ ਵਜੋਂ, ਏ.ਸੀ.ਬੀ. ਦੀਆਂ ਟੀਮਾਂ ਨੇ ਬੀਤੀ ਸਵੇਰ ਚਾਰ ਥਾਵਾਂ ‘ਤੇ ਤਲਾਸ਼ੀ ਲਈ। ਜਾਇਦਾਦ ਦੇ ਰਿਕਾਰਡ ਸਮੇਤ ਕਈ ਦਸਤਾਵੇਜ਼ ਅਤੇ ਹੋਰ ਸਬੂਤ ਜ਼ਬਤ ਕੀਤੇ ਗਏ ਹਨ।
ਤਲਾਸ਼ੀ ਦੌਰਾਨ ਮਿਲੇ ਦਸਤਾਵੇਜ਼ਾਂ ਮੁਤਾਬਕ ਅਧਿਕਾਰੀ ਨੇ ਕਥਿਤ ਤੌਰ ‘ਤੇ ਕਈ ਜਾਇਦਾਦਾਂ ਖਰੀਦੀਆਂ ਅਤੇ ਉਨ੍ਹਾਂ ‘ਚੋਂ ਕੁਝ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਦਰਜ ਕਰਵਾਈਆਂ। ਜਿਵੇਂ ਕਿ ਪੀ.ਕੇ ਲੇਆਉਟ, ਤਿਰੂਪਤੀ ਵਿੱਚ ਇੱਕ ਘਰ, ਜੋ ਉਸਦੀ ਪਤਨੀ ਦੇ ਨਾਮ ‘ਤੇ ਰਜਿਸਟਰਡ ਹੈ। ਤਿਰੂਪਤੀ ਦੇ ਗੋਲਾਵਾਨੀਗੁੰਟਾ ਰਿਹਾਇਸ਼ੀ ਇਲਾਕੇ ‘ਚ ਇਕ ਇਮਾਰਤ ਦੇ ਨਾਲ-ਨਾਲ ਦੋ ਹਾਊਸ ਪਲਾਟ ਉਸ ਦੀ ਪਤਨੀ ਦੇ ਨਾਂ ‘ਤੇ ਰਜਿਸਟਰਡ ਹਨ। ਤਿਰੂਪਤੀ ਜ਼ਿਲ੍ਹੇ ਦੇ ਵਡਾਮਾਲਾਪੇਟਾ ਮੰਡਲ ਦੇ ਪਦੀਰੇਦੂ ਅਰਨਯਮ ਪਿੰਡ ਵਿੱਚ ਇੱਕ ਘਰ ਦਾ ਪਲਾਟ। ਤਿਰੂਪਤੀ ਅਰਬਨ ਦੇ ਸ੍ਰੀਨਿਵਾਸ ਨਗਰ ਰਿਹਾਇਸ਼ੀ ਇਲਾਕੇ ‘ਚ ਇਕ ਮਕਾਨ ਦਾ ਪਲਾਟ ਹੈ, ਜੋ ਉਸ ਦੇ ਲੜਕੇ ਦੇ ਨਾਂ ‘ਤੇ ਰਜਿਸਟਰਡ ਹੈ। ਦੋਸ਼ੀ ਅਧਿਕਾਰੀ ਅਤੇ ਉਸ ਦੇ ਪੁੱਤਰ ਦੇ ਨਾਂ ‘ਤੇ ਚਾਰ ਫਿਕਸਡ ਡਿਪਾਜ਼ਿਟ (ਐੱਫ. ਡੀ.)।
ਅਧਿਕਾਰੀ ਦੇ ਸਾਲੇ ਦੇ ਘਰ ਦੀ ਤਲਾਸ਼ੀ ਦੌਰਾਨ 31.98 ਲੱਖ ਰੁਪਏ ਦੀ ਜਾਇਦਾਦ ਦਾ ਦਸਤਾਵੇਜ਼ ਵੀ ਮਿਲਿਆ, ਜੋ ਅਧਿਕਾਰੀ ਦੀ ਪਤਨੀ ਅਤੇ ਹੋਰਨਾਂ ਦੇ ਨਾਂ ‘ਤੇ ਸਾਂਝਾ ਸੀ। ਏ.ਸੀ.ਬੀ. ਨੇ ਤਲਾਸ਼ੀ ਦੌਰਾਨ 2 ਕਿਲੋ ਸੋਨਾ, 12.5 ਲੱਖ ਰੁਪਏ ਨਕਦ ਅਤੇ 6.5 ਕਿਲੋ ਚਾਂਦੀ ਵੀ ਬਰਾਮਦ ਕੀਤੀ ਹੈ। ਏ.ਸੀ.ਬੀ. ਨੇ ਦੱਸਿਆ ਕਿ ਹੁਣ ਤੱਕ ਮਿਲੀ ਜਾਇਦਾਦ ਅਤੇ ਕੀਮਤੀ ਸਮਾਨ ਦੀ ਕੁੱਲ ਕੀਮਤ ਲਗਭਗ 5 ਕਰੋੜ ਰੁਪਏ ਦੱਸੀ ਗਈ ਹੈ ਅਤੇ ਹੋਰ ਖੋਜ ਅਤੇ ਜਾਂਚ ਜਾਰੀ ਹੈ।












