ਜੈਪੁਰ: ਰਾਜਸਥਾਨ ‘ਚ ਕਈ ਥਾਵਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਬੰਬ ਧਮਾਕਿਆਂ ਦੀ ਕਥਿਤ ਧਮਕੀ ਵਾਲਾ ਪੱਤਰ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਹਨੂੰਮਾਨਗੜ੍ਹ ਰੇਲਵੇ ਸਟੇਸ਼ਨ (Hanumangarh Railway Station) ‘ਤੇ ਬੀਤੇ ਦਿਨ ਇਕ ਕਥਿਤ ਧਮਕੀ ਪੱਤਰ ਮਿਲਿਆ ਹੈ। ਹਨੂੰਮਾਨਗੜ੍ਹ ਦੇ ਵਧੀਕ ਪੁਲਿਸ ਸੁਪਰਡੈਂਟ ਪਿਆਰੇ ਲਾਲ ਮੀਨਾ ਨੇ ਦੱਸਿਆ ਕਿ ਇੱਕ ਲਿਫ਼ਾਫ਼ੇ ਵਿੱਚ ਬੰਦ ਪੱਤਰ ਡਾਕ ਰਾਹੀਂ ਹਨੂੰਮਾਨਗੜ੍ਹ ਸਟੇਸ਼ਨ ਮਾਸਟਰ ਨੂੰ ਭੇਜਿਆ ਗਿਆ।
ਸਥਾਨਕ ਪੁਲਿਸ ਨੂੰ ਸ਼ਾਮ ਨੂੰ ਇਸ ਦੀ ਸੂਚਨਾ ਮਿਲੀ। ਉਨ੍ਹਾਂ ਨੇ ਕਿਹਾ, ਪੱਤਰ ‘ਚ ਜੈਸ਼-ਏ-ਮੁਹੰਮਦ ਦੇ ਨਾਂ ‘ਤੇ ਧਮਕੀ ਦਿੱਤੀ ਗਈ ਹੈ ਕਿ 30 ਅਕਤੂਬਰ ਨੂੰ ਗੰਗਾਨਗਰ, ਹਨੂੰਮਾਨਗੜ੍ਹ, ਜੋਧਪੁਰ, ਬੀਕਾਨੇਰ, ਕੋਟਾ, ਬੂੰਦੀ, ਉਦੈਪੁਰ, ਜੈਪੁਰ ਦੇ ਰੇਲਵੇ ਸਟੇਸ਼ਨ ਅਤੇ ਸ਼ਹਿਰਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਰੇਲਵੇ ਸਟੇਸ਼ਨ ‘ਤੇ ਪਹੁੰਚ ਗਈਆਂ ਅਤੇ ਤਲਾਸ਼ੀ ਲਈ । ਮੀਨਾ ਅਨੁਸਾਰ ਧਮਕੀ ਭਰੀ ਚਿੱਠੀ ਭੇਜਣ ਸਬੰਧੀ ਰੇਲਵੇ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚਿੱਠੀ ਭੇਜਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ।