ਸਪੋਰਟਸ ਡੈਸਕ: ਅੰਤਰਰਾਸ਼ਟਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ‘ਜੱਗਾ ਬਾਕਸਰ’ ਦਾ ਦੇਹਾਂਤ ਹੋ ਗਿਆ ਹੈ। ਉਹ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਦੇ ਰਹਿਣ ਵਾਲੇ ਸਨ । ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਖੇਡ ਜਗਤ ‘ਚ ਸੋਗ ਦੀ ਲਹਿਰ ਹੈ।
ਦੱਸ ਦੇਈਏ ਕਿ ਜੱਗਾ ਬਾਕਸਰ ਨੇ ਪਾਕਿਸਤਾਨ ਵਿੱਚ ਹੋਏ ਅੰਤਰਰਾਸ਼ਟਰੀ ਮੁੱਕੇਬਾਜ਼ੀ ਮੁਕਾਬਲੇ ‘ਕਾਇਦ-ਏ-ਆਜ਼ਮ’ ਵਿੱਚ ਪਾਕਿਸਤਾਨ ਦੇ ਮਸ਼ਹੂਰ ਮੁੱਕੇਬਾਜ਼ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ, ਉਹ ਭਾਰਤੀ ਰੇਲਵੇ ਵਿੱਚ ਸੀ.ਟੀ.ਸੀ. ਵਜੋਂ ਭਰਤੀ ਹੋਏ ਸਨ ਅਤੇ ਆਲ ਇੰਡੀਆ ਰੇਲਵੇ ਬਾਕਸਿੰਗ ਮੁਕਾਬਲੇ ਵਿੱਚ ਵੀ ਕਈ ਮੈਚ ਜਿੱਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਨੌਜਵਾਨਾਂ ਨੂੰ ਬਾਕਸਿੰਗ ਸਿਖਾਈ ਅਤੇ ਉਨ੍ਹਾਂ ਦੇ ਚੇਲੇ ਵੀ ਕਈ ਮੁਕਾਬਲੇ ਜਿੱਤ ਚੁੱਕੇ ਹਨ। ਜਗਦੇਵ ਸਿੰਘ ਦੇ ਦੇਹਾਂਤ ‘ਤੇ ਪਰਿਵਾਰ ਸਮੇਤ ਕਈ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।











