ਕੈਥਲ : ਏ.ਡੀ.ਸੀ. ਡਾ. ਸੁਸ਼ੀਲ ਕੁਮਾਰ ਨੇ ਕਿਹਾ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀ ਜ਼ਿਲ੍ਹੇ ਵਿੱਚ ਸੜਕਾਂ ਦੀ ਮੁਰੰਮਤ ਦੇ ਕੰਮ ਵਿੱਚ ਤੇਜ਼ੀ ਲਿਆਉਣ। ਇਸ ਦੇ ਨਾਲ ਹੀ ਵਣ ਵਿਭਾਗ ਦੇ ਅਧਿਕਾਰੀ ਸੜਕਾਂ ’ਤੇ ਆਈਆਂ ਹੋਈਆਂ ਟਾਹਣੀਆਂ ਦੀ ਛਾਂਟੀ ਕਰਵਾਉਣ ਅਤੇ ਇਸ ਦੀ ਰਿਪੋਰਟ ਪੇਸ਼ ਕਰਨ। ਸਾਰੇ ਅਧਿਕਾਰੀ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ।
ਏ.ਡੀ.ਸੀ. ਡਾ. ਸੁਸ਼ੀਲ ਕੁਮਾਰ ਅੱਜ ਮਿੰਨੀ ਸਕੱਤਰੇਤ ਸਥਿਤ ਆਡੀਟੋਰੀਅਮ ਵਿੱਚ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੇ ਸਨ। ਏ.ਡੀ.ਸੀ. ਨੇ ਏਜੰਡੇ ਅਨੁਸਾਰ ਬਿੰਦੂਵਾਰ ਚਰਚਾ ਕੀਤੀ। ਏਡੀਸੀ ਨੇ ਕਿਹਾ ਕਿ ਰਾਜੌਂਦ, ਕੈਥਲ-ਚੀਕਾ ਰੋਡ, ਪੂਂਡਰੀ-ਕਰਨਾਲ ਰੋਡ, ਚੀਕਾ ਤੋਂ ਭਾਗਲ ਰੋਡ, ਕੌਲ ਆਦਿ ਥਾਵਾਂ ’ਤੇ ਸੜਕਾਂ ਦੀ ਮੁਰੰਮਤ ਦਾ ਕੰਮ ਲੰਬਿਤ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬੰਧਤ ਵਿਭਾਗ ਦੇ ਅਧਿਕਾਰੀ ਇਨ੍ਹਾਂ ਥਾਵਾਂ ਦੀਆਂ ਸੜਕਾਂ ਦਾ ਦੁਰੁਸਤੀਕਰਨ ਕਾਰਜ ਨਿਰਧਾਰਤ ਸਮੇਂ ਅੰਦਰ ਜਲਦ ਤੋਂ ਜਲਦ ਪੂਰਾ ਕਰਨ। ਕਮੇਟੀ ਦੇ ਮੈਂਬਰ ਸਤੀਸ਼ ਸੇਠ ਨੇ ਕੈਥਲ-ਚੀਕਾ ਰੋਡ ’ਤੇ ਹੋਏ ਕੰਮ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ, ਜਿਸ ’ਤੇ ਏਡੀਸੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸੜਕ ’ਤੇ ਹੋਏ ਕੰਮ ਦੀ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਸਬੰਧਤ ਐਸਡੀਐਮ ਨੂੰ ਨਿਰਦੇਸ਼ ਦਿੱਤੇ ਕਿ ਉਹ ਪੰਚਮੁਖੀ ਚੌਕ ਢਾਂਡ ਅਤੇ ਪੂਂਡਰੀ-ਕਰਨਾਲ ਰੋਡ ਵਿੱਚ ਸੜਕ ਦੀ ਮੁਰੰਮਤ ਦੇ ਕੰਮ ਅਤੇ ਜਨ ਸਿਹਤ ਵਿਭਾਗ ਦੇ ਕੰਮ ਦਾ ਨਿਰੀਖਣ ਕਰਨਗੇ।
ਏਡੀਸੀ ਨੇ ਕਿਹਾ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀ ਸ਼ਹਿਰ ਵਿੱਚ ਸੀਵਰੇਜ ਅਤੇ ਨਾਲਿਆਂ ਦੀ ਸਾਫ਼-ਸਫ਼ਾਈ ਕਰਵਾਉਣਾ ਵੀ ਯਕੀਨੀ ਬਣਾਉਣ। ਉਨ੍ਹਾਂ ਨੇ ਐਸਐਚਓ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਸਾਈਨ ਬੋਰਡ ਦੀ ਲੋੜ ਹੈ, ਉਸ ਦੀ ਰਿਪੋਰਟ ਲਿਖਤੀ ਰੂਪ ਵਿੱਚ ਆਰਟੀਏ ਦਫ਼ਤਰ ਨੂੰ ਭੇਜੀ ਜਾਵੇ।
ਏਡੀਸੀ ਨੇ ਕਿਹਾ ਕਿ ਨਵੇਂ ਬੱਸ ਸਟੈਂਡ ਦੇ ਆਲੇ-ਦੁਆਲੇ ਹੌਲੀ-ਹੌਲੀ ਕਬਜ਼ੇ ਵੱਧ ਰਹੇ ਹਨ ਅਤੇ ਈ-ਰਿਕਸ਼ੇ ਬੇਤਰਤੀਬ ਢੰਗ ਨਾਲ ਖੜ੍ਹੇ ਕੀਤੇ ਜਾਣ ਕਾਰਨ ਹਾਦਸਾ ਹੋਣ ਦੀ ਸੰਭਾਵਨਾ ਹੈ। ਇਸ ਲਈ ਨਗਰ ਕੌਂਸਲ ਦੇ ਅਧਿਕਾਰੀ, ਰੋਡਵੇਜ਼ ਦੇ ਜਨਰਲ ਮੈਨੇਜਰ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਆਪਸੀ ਤਾਲਮੇਲ ਨਾਲ ਬੱਸ ਸਟੈਂਡ ਦੇ ਨੇੜੇ ਹੋਏ ਕਬਜ਼ਿਆਂ ਨੂੰ ਹਟਾਉਣ। ਪਾਰਕ ਰੋਡ ’ਤੇ ਰੇਹੜੀਆਂ ਵੱਲੋਂ ਕਾਫ਼ੀ ਕਬਜ਼ਾ ਕੀਤਾ ਗਿਆ ਹੈ, ਇਸ ਲਈ ਨਗਰ ਕੌਂਸਲ ਇੱਕ ਮੁਹਿੰਮ ਚਲਾ ਕੇ ਕਬਜ਼ੇ ਹਟਾਏ। ਇਸ ਮੌਕੇ ਡੀਐਸਪੀ ਰਮੇਸ਼ ਚੰਦਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।











