ਪੁੰਛ : ਪੁੰਛ ਜ਼ਿਲ੍ਹੇ ਦੀ ਸੁਰਨਕੋਟ ਤਹਿਸੀਲ ਦੇ ਸ਼ਿੰਦਰਾ ਖੇਤਰ ਵਿੱਚ ਬੀਤੀ ਸ਼ਾਮ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਔਰਤ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਜਦਕਿ 4 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੇ ਦਿਨ ਉਦੋਂ ਵਾਪਰਿਆ ਜਦੋਂ ਨਿੱਜੀ ਵਾਹਨ (ਰਜਿਸਟ੍ਰੇਸ਼ਨ ਨੰਬਰ JK20A 8702) ’ਤੇ ਸਵਾਰ ਹੋ ਕੇ ਸਾਰੇ ਲੋਕ ਕਿਸੇ ਪ੍ਰੋਗਰਾਮ ਵਿੱਚ ਜਾ ਰਹੇ ਸਨ।
ਜਦੋਂ ਗੱਡੀ ਸ਼ੀਨਦਰਾ ਇਲਾਕੇ ਵਿੱਚ ਪਹੁੰਚੀ, ਤਾਂ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਤਕਨੀਕੀ ਖਰਾਬੀ ਕਾਰਨ ਗੱਡੀ ਡੂੰਘੀ ਖਾਈ ਵਿੱਚ ਡਿੱਗ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਲੋਕਾਂ ਦੀਆਂ ਚੀਕਾਂ ਸੁਣ ਕੇ, ਨੇੜਲੇ ਇਲਾਕਿਆਂ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ, ਪੀੜਤਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ। ਫਿਰ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਔਰਤ ਸਮੇਤ ਪੰਜ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਬਾਕੀ ਚਾਰ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਇਸ ਦੁਖਦਾਈ ਹਾਦਸੇ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।











