ਉੱਤਰਾਖੰਡ: ਰੱਖੜੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਮੰਗਲਵਾਰ ਰਾਤ ਨੂੰ ਰੁੜਕੀ ਦੇ ਗੰਗਨਹਾਰ ਇਲਾਕੇ ਵਿੱਚ ਇੱਕ ਭਰਾ ਨੇ ਗੋਲੀ ਮਾਰ ਕੇ ਆਪਣੀਆਂ ਦੋ ਭੈਣਾਂ ਦਾ ਕਤਲ ਕਰ ਦਿੱਤਾ। ਇਸ ਘਟਨਾ ਦੌਰਾਨ ਗੋਲੀ ਲੱਗਣ ਕਾਰਨ ਮੁਲਜ਼ਮ ਦਾ ਜੀਜਾ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਆਪਣੀਆਂ ਭੈਣਾਂ ਦੇ ਚਰਿੱਤਰ ‘ਤੇ ਸ਼ੱਕ ਸੀ, ਜਿਸ ਕਾਰਨ ਉਸ ਨੇ ਉਨ੍ਹਾਂ ਦੇ ਕਤਲ ਕਰ ਦਿੱਤੇ।
ਇਹ ਘਟਨਾਵਾਂ ਲਗਭਗ 10 ਤੋਂ 15 ਮਿੰਟਾਂ ਦੇ ਅੰਤਰਾਲ ਦੌਰਾਨ ਦੋ ਵੱਖ-ਵੱਖ ਥਾਵਾਂ ‘ਤੇ ਵਾਪਰੀਆਂ, ਜਿਸ ਨਾਲ ਪੁਲਿਸ ਵਿਭਾਗ ਵਿੱਚ ਹਲਚਲ ਮੱਚ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਮੁਲਜ਼ਮ ਵਿਵੇਕ ਕੁਮਾਰ ਮੰਗਲਵਾਰ ਰਾਤ ਨੂੰ ਸਭ ਤੋਂ ਪਹਿਲਾਂ ਆਪਣੀ ਭੈਣ ਪੁਸ਼ਪਾ ਦੇ ਘਰ ਪਹੁੰਚਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ।
ਫਿਰ ਉਹ ਆਪਣੀ ਦੂਜੀ ਭੈਣ ਸ਼ਕੁੰਤਲਾ ਦੇ ਘਰ ਗਿਆ, ਜਿੱਥੇ ਉਸ ਨੇ ਉਸ ਦੇ ‘ਤੇ ਅਤੇ ਆਪਣੇ ਜੀਜੇ ‘ਤੇ ਗੋਲੀਆਂ ਚਲਾ ਦਿੱਤੀਆਂ । ਇਸ ਦੌਰਾਨ ਦੋਵੇਂ ਸਕੀਆਂ ਭੈਣਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ ਜੀਜੇ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ ਦੋਵਾਂ ਘਟਨਾਵਾਂ ਵਿਚਕਾਰ ਲਗਭਗ 10 ਤੋਂ 15 ਮਿੰਟ ਦਾ ਅੰਤਰ ਸੀ। ਰੱਖੜੀ ਤੋਂ ਠੀਕ ਪਹਿਲਾਂ ਵਾਪਰੀ ਇਸ ਸਨਸਨੀਖੇਜ਼ ਵਾਰਦਾਤ ਨੇ ਭਰਾ ਅਤੇ ਭੈਣਾਂ ਵਿਚਕਾਰਲੇ ਪਵਿੱਤਰ ਰਿਸ਼ਤੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅਪਰਾਧ ਕਰਨ ਤੋਂ ਬਾਅਦ, ਮੁਲਜ਼ਮ ਵਿਵੇਕ ਕੁਮਾਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ ਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਅਤੇ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ।











