ਲੁਧਿਆਣਾ : ਸ਼ਹਿਰ ਦੇ ਪਿੰਡ ਅਲੋਦ ਵਿੱਚ ਇੱਕ ਸਟੀਲ ਰੋਲਿੰਗ ਮਿੱਲ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ, ਲੋਹਾ ਪਿਘਲਾਉਂਦੇ ਸਮੇਂ, ਅਚਾਨਕ ਗਰਮ ਪਿਘਲਾ ਹੋਇਆ ਪਦਾਰਥ ਆਲੇ-ਦੁਆਲੇ ਮੌਜੂਦ ਮਜ਼ਦੂਰਾਂ ‘ਤੇ ਡਿੱਗ ਪਿਆ। ਇਸ ਹਾਦਸੇ ਵਿੱਚ ਛੇ ਮਜ਼ਦੂਰ ਸੜ ਕੇ ਜ਼ਖਮੀ ਹੋ ਗਏ। ਜ਼ਖਮੀ ਮਜ਼ਦੂਰਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ ਦੇ ਦੌਰਾਤ 1 ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਬਾਕੀ ਮਜ਼ਦੂਰਾਂ ਦਾ ਅਜੇ ਵੀ ਇਲਾਜ ਕੀਤਾ ਜਾ ਰਿਹਾ ਹੈ।
ਇਸ ਘਟਨਾ ਨੂੰ ਲੈ ਕੇ ਫੈਕਟਰੀ ਦੇ ਮਾਲਕ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਜ਼ਖ਼ਮੀ ਮਜ਼ਦੂਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਘਟਨਾ ਦੇ ਬਾਅਦ ਪੁਲਿਸ ਦੀ ਟੀਮ ਨੇ ਵੀ ਮਾਮਲੇ ਦਾ ਨੋਟਿਸ ਲਿਆ। ਪੁਲਿਸ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ, ਅਤੇ ਜਾਂਚ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਲੋਹਾ ਪਿਘਲਾਉਂਦੇ ਸਮੇਂ ਵਾਪਰਿਆ ਹਾਦਸਾ
ਦਰਅਸਲ, ਖੰਨਾ ਦੇ ਭਾਦਲਾ ਰੋਡ ‘ਤੇ ਅਲੋਦ ਪਿੰਡ ਵਿੱਚ ਸਥਿਤ ਇੱਕ ਸਟੀਲ ਰੋਲਿੰਗ ਮਿੱਲ ਦੀ ਫਰਨੇਸ ਯੂਨਿਟ ਵਿੱਚ ਇੱਕ ਹਾਦਸਾ ਵਾਪਰਿਆ। ਬੀਤੇ ਦਿਨ ਲੋਹਾ ਪਿਘਲਾਉਣ ਦੇ ਦੌਰਾਨ ਭੱਠੀ ਵਿੱਚ ਅਚਾਨਕ ਉਬਲਣ ਕਾਰਨ, ਗਰਮ ਪਿਘਲਾ ਹੋਇਆ ਪਦਾਰਥ ਮਜ਼ਦੂਰਾਂ ‘ਤੇ ਡਿੱਗ ਪਿਆ। ਇਸ ਹਾਦਸੇ ਵਿੱਚ ਛੇ ਮਜ਼ਦੂਰ ਸੜ ਗਏ, ਜਿਸ ਕਾਰਨ ਮਿੱਲ ਵਿੱਚ ਦਹਿਸ਼ਤ ਫੈਲ ਗਈ। ਸਾਰੇ ਜ਼ਖਮੀਆਂ ਨੂੰ ਤੁਰੰਤ ਖੰਨਾ ਸ਼ਹਿਰ ਦੇ ਇੱਕ ਨਰਸਿੰਗ ਹੋਮ ਵਿੱਚ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਰਾਕੇਸ਼ ਕੁਮਾਰ ਦੀ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਜਾਰੀ ਹੈ।
ਘਟਨਾ ਦੀ ਜਾਂਚ ਵਿੱਚ ਜੁੱਟੀ ਪੁਲਿਸ
ਮਿਲੀ ਜਾਣਕਾਰੀ ਦੇ ਅਨੁਸਾਰ, ਹੀਟਿੰਗ ਪ੍ਰਕਿਰਿਆ ਦੌਰਾਨ ਇੰਗਟ ਅਤੇ ਬਿਲੇਟ ਤਿਆਰ ਕੀਤੇ ਜਾ ਰਹੇ ਸਨ। ਸ਼ੁਰੂਆਤੀ ਜਾਂਚ ਵਿੱਚ ਸ਼ੱਕ ਹੈ ਕਿ ਪਿਘਲੇ ਹੋਏ ਪਦਾਰਥ ਵਿੱਚ ਪਾਈਪ, ਸ਼ੌਕਰ ਜਾਂ ਕੋਈ ਛੋਟਾ ਟੁਕੜਾ ਰਹਿ ਜਾਣ ਕਾਰਨ ਗੈਸ ਬਣੀ, ਜਿਸ ਨਾਲ ਅਚਾਨਕ ਉਬਾਲ ਆਇਆ ਅਤੇ ਗਰਮ ਪਦਾਰਥ ਦੇ ਛਿੱਟੇ ਮਜ਼ਦੂਰਾਂ ‘ਤੇ ਪੈ ਗਏ। ਫੈਕਟਰੀ ਦੇ ਮਾਲਕ ਦਾ ਕਹਿਣਾ ਹੈ ਕਿ ਜ਼ਖਮੀ ਹੋਏ ਮਜ਼ਦੂਰਾਂ ਦੀ ਉਨ੍ਹਾਂ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੌਰਾਨ, ਸਦਰ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪਵਿੱਤਰ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ, ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।











