ਇੰਫਾਲ: ਮਨੀਪੁਰ ਵਿੱਚ ਸੁਰੱਖਿਆ ਬਲਾਂ ਨੇ ਇਕ ਵੱਡੇ ਆਪ੍ਰੇਸ਼ਨ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਅਤੇ ਪੰਜ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਆਪ੍ਰੇਸ਼ਨ 13-14 ਜੂਨ ਦੀ ਰਾਤ ਨੂੰ ਮਨੀਪੁਰ ਪੁਲਿਸ, ਸੀ.ਏ.ਪੀ.ਐਫ. (ਕੇਂਦਰੀ ਅਰਧ ਸੈਨਿਕ ਬਲ), ਭਾਰਤੀ ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਸਾਂਝੀਆਂ ਟੀਮਾਂ ਨੇ ਚਲਾਇਆ।
ਕਿੱਥੇ ਚੱਲਿਆ ਆਪ੍ਰੇਸ਼ਨ ?
ਇਹ ਸਰਚ ਆਪ੍ਰੇਸ਼ਨ ਮਨੀਪੁਰ ਦੇ ਪੰਜ ਘਾਟੀ ਜ਼ਿਲ੍ਹਿਆਂ ਦੇ ਬਾਹਰਵਾਰ ਕੀਤਾ ਗਿਆ । ਮਨੀਪੁਰ ਪੁਲਿਸ ਦੇ ਏ.ਡੀ.ਜੀ.ਪੀ. ਲਹਿਰੀ ਦੋਰਜੀ ਲਹਾਟੂ ਨੇ ਕਿਹਾ ਕਿ ਆਪ੍ਰੇਸ਼ਨ ਵਿੱਚ ਵਿਸਫੋਟਕ ਅਤੇ ਹੋਰ ਜੰਗੀ ਸਮੱਗਰੀ ਵੀ ਮਿਲੀ ਹੈ।
ਕਿੰਨੇ ਅਤੇ ਕਿਹੜੇ ਹਥਿਆਰ ਕੀਤੇ ਗਏ ਬਰਾਮਦ ?
ਆਪ੍ਰੇਸ਼ਨ ਦੌਰਾਨ ਕੁੱਲ 328 ਹਥਿਆਰ ਬਰਾਮਦ ਕੀਤੇ ਗਏ। ਇਨ੍ਹਾਂ ਵਿੱਚ ਸ਼ਾਮਲ ਹਨ , 151 ਐਸ.ਐਲ.ਆਰ. ਰਾਈਫਲਾਂ, 65 ਆਈ.ਐਨ.ਐਸ.ਏ.ਐਸ. ਰਾਈਫਲਾਂ, 73 ਹੋਰ ਰਾਈਫਲਾਂ, 5 ਕਾਰਬਾਈਨ ਬੰਦੂਕਾਂ, 2 ਐਮ.ਪੀ-5 ਬੰਦੂਕਾਂ, 12 ਲਾਈਟ ਮਸ਼ੀਨ ਗਨ, 6 ਏ.ਕੇ-ਸੀਰੀਜ਼ ਰਾਈਫਲਾਂ, 2 ਅਮੋਘਾ ਰਾਈਫਲਾਂ, 1 ਮੋਰਟਾਰ, 6 ਪਿਸਤੌਲ, 1 ਏ.ਆਰ-15, 2 ਫਲੇਅਰ ਗਨ । ਅਧਿਕਾਰੀਆਂ ਨੇ ਇਸਨੂੰ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਦੱਸਿਆ ਜਿਸਦਾ ਉਦੇਸ਼ ਮਨੀਪੁਰ ਵਿੱਚ ਆਮ ਸਥਿਤੀ ਬਹਾਲ ਕਰਨਾ, ਕਾਨੂੰਨ ਵਿਵਸਥਾ ਬਣਾਈ ਰੱਖਣਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਜਬਰੀ ਵਸੂਲੀ ਦੇ ਦੋਸ਼ਾਂ ਵਿੱਚ 5 ਅੱਤਵਾਦੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਸੁਰੱਖਿਆ ਬਲਾਂ ਨੇ ਵੱਖ-ਵੱਖ ਥਾਵਾਂ ਤੋਂ ਪੰਜ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਜਬਰੀ ਵਸੂਲੀ ਵਿੱਚ ਸ਼ਾਮਲ ਸਨ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ।
ਕਿੱਥੇ ਅਤੇ ਕਿਸਨੂੰ ਗ੍ਰਿਫ਼ਤਾਰ ਕੀਤਾ ਗਿਆ?
ਯੂਨਾਈਟਿਡ ਪੀਪਲਜ਼ ਪਾਰਟੀ ਆਫ ਕਾਂਗਲੇਈਪਾਕ (ਯੂ.ਪੀ.ਪੀ.ਕੇ.) ਦੇ ਮੈਂਬਰ ਅਕੋਇਜਾਮ ਰੌਬਿਨਸਨ (51), ਨੂੰ ਕਾਕਚਿੰਗ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਨੋਯੋਨ) ਦੇ ਇਕ ਮੈਂਬਰ ਨੂੰ ਥੌਬਲ ਜ਼ਿਲ੍ਹੇ ਦੇ ਮੇਲਾ ਗਰਾਊਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਕ ਪ੍ਰੀਪਾਕ ਅਤੇ ਪ੍ਰੀਪਾਕ (ਪ੍ਰੋ) ਕਾਰਕੁਨ ਨੂੰ ਤੇਂਗਨੋਪਾਲ ਜ਼ਿਲ੍ਹੇ ਦੇ ਸ਼ਾਂਗਟੋਂਗ ਖੇਤਰ (ਭਾਰਤ-ਮਿਆਂਮਾਰ ਸਰਹੱਦ ਦੇ ਨੇੜੇ) ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਕ ਕੇ.ਸੀ.ਪੀ. (ਪੀ.ਡਬਲਯੂ.ਜੀ) ਮੈਂਬਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਲੰਗੋਲ ਗਾਮ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੇ ਅਨੁਸਾਰ, ਇਨ੍ਹਾਂ ਅੱਤਵਾਦੀਆਂ ‘ਤੇ ਲੋਕਾਂ ਤੋਂ ਪੈਸੇ ਵਸੂਲਣ ਦੇ ਗੰਭੀਰ ਦੋਸ਼ ਹਨ ਅਤੇ ਉਹ ਮਨੀਪੁਰ ਵਿੱਚ ਅਸ਼ਾਂਤੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਸਨ।