ਨਵੀਂ ਦਿੱਲੀ: ਦਿੱਲੀ ਦੇ ਚਾਣਕਿਆਪੁਰੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਬੁੱਧਵਾਰ ਦੇਰ ਰਾਤ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਕਈ ਢਾਂਚੇ ਹਟਾ ਦਿੱਤੇ ਗਏ। ਅਧਿਕਾਰੀਆਂ ਮੁਤਾਬਕ ਇਹ ਢਾਂਚੇ ਹਾਈ ਕਮਿਸ਼ਨ ਦੀ ਨਿਰਧਾਰਤ ਹੱਦ ਤੋਂ ਬਾਹਰ ਬਣਾਏ ਗਏ ਸਨ। ਕਾਰਵਾਈ ਦੌਰਾਨ ਬੁਲਡੋਜ਼ਰ ਦੀ ਮਦਦ ਨਾਲ ਬੈਰੀਕੇਡ, ਵਾੜ ਅਤੇ ਹੋਰ ਅਸਥਾਈ ਢਾਂਚਿਆਂ ਨੂੰ ਹਟਾਇਆ ਗਿਆ।
ਜਾਣਕਾਰੀ ਅਨੁਸਾਰ ਇਹ ਕਾਰਵਾਈ ਮੁੱਖ ਤੌਰ ’ਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਵੀਜ਼ਾ ਸੈਕਸ਼ਨ ਦੇ ਨੇੜੇ ਕੀਤੀ ਗਈ। ਇੱਥੇ ਲੋਕਾਂ ਦੀਆਂ ਕਤਾਰਾਂ ਨੂੰ ਸੰਭਾਲਣ ਲਈ ਬੈਰੀਕੇਡ ਅਤੇ ਵਾੜਾਂ ਸਮੇਤ ਕੁਝ ਹੋਰ ਢਾਂਚੇ ਬਣਾਏ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਢਾਂਚੇ ਨਿਰਧਾਰਤ ਸੀਮਾ ਤੋਂ ਬਾਹਰ ਹੋਣ ਕਾਰਨ ਹਟਾਏ ਗਏ।
ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਦੇ ਬਹੁਤ ਹੀ ਸੁਰੱਖਿਅਤ ਅਤੇ ਮਹੱਤਵਪੂਰਨ ਕੂਟਨੀਤਕ ਇਲਾਕੇ ਚਾਣਕਿਆਪੁਰੀ ਵਿੱਚ ਸ਼ਾਂਤੀਪਥ ’ਤੇ ਸਥਿਤ ਹੈ। ਇਲਾਕੇ ਵਿੱਚ ਕਈ ਵਿਦੇਸ਼ੀ ਦੂਤਾਵਾਸ ਅਤੇ ਹਾਈ ਕਮਿਸ਼ਨ ਵੀ ਮੌਜੂਦ ਹਨ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਗੈਰ-ਅਧਿਕਾਰਤ ਨਿਰਮਾਣ ਜਾਂ ਢਾਂਚੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਨਿਯਮਾਂ ਦੀ ਪਾਲਣਾ ’ਤੇ ਖਾਸ ਧਿਆਨ ਦਿੱਤਾ ਜਾਂਦਾ ਹੈ।
ਇਹ ਕਾਰਵਾਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੂਟਨੀਤਕ ਤਣਾਅ ਦੇ ਮਾਹੌਲ ਵਿੱਚ ਹੋਈ ਹੈ। ਇਸ ਤੋਂ ਸਿਰਫ਼ ਦੋ ਦਿਨ ਪਹਿਲਾਂ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਵੀ ਸਥਾਨਕ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੀ। ਉੱਥੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਲਗਾਏ ਗਏ ਸੁਰੱਖਿਆ ਬੈਰੀਕੇਡ ਅਤੇ ਪਾਰਕਿੰਗ ਨਾਲ ਸਬੰਧਤ ਖੰਭਿਆਂ ਨੂੰ ਹਟਾਇਆ ਗਿਆ ਸੀ।
ਦਿੱਲੀ ਵਿੱਚ ਹੋਈ ਕਾਰਵਾਈ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਬਾਹਰੀ ਇੰਤਜ਼ਾਮਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਹਾਲਾਂਕਿ, ਦਿੱਲੀ ਵਿੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਨਿਰਧਾਰਤ ਹੱਦ ਤੋਂ ਬਾਹਰ ਬਣੇ ਢਾਂਚਿਆਂ ਨੂੰ ਹਟਾਉਣ ਨਾਲ ਜੋੜਿਆ ਗਿਆ ਹੈ।











