ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਆਉਣ ਵਾਲੀਆਂ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਅੰਦਰੂਨੀ ਖਿੱਚੋਤਾਣ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ‘ਇੱਕ ਪਰਿਵਾਰ, ਇੱਕ ਟਿਕਟ’ ਦੇ ਨਿਯਮ ਨੂੰ ਲੈ ਕੇ ਪਾਰਟੀ ਅੰਦਰ ਚੱਲ ਰਹੀ ਚਰਚਾ ਦੇ ਵਿਚਕਾਰ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫਿਰ ਆਪਣਾ ਰੁੱਖ ਸਪੱਸ਼ਟ ਕੀਤਾ ਹੈ।
ਰੰਧਾਵਾ ਨੇ ਸੋਸ਼ਲ ਮੀਡੀਆ ’ਤੇ ਕੀਤੀ ਇੱਕ ਪੋਸਟ ਰਾਹੀਂ ਟਿਕਟਾਂ ਦੀ ਵੰਡ ਨੂੰ ਲੈ ਕੇ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਟਿਕਟਾਂ ਅਜਿਹੇ ਲੋਕਾਂ ਨੂੰ ਦੇਣੀਆਂ ਚਾਹੀਦੀਆਂ ਹਨ ਜੋ ਚੋਣ ਜਿੱਤਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਲੋਕਾਂ ਵੱਲ ਸੀ ਜੋ ਸਿਰਫ਼ ਪਾਰਟੀ ਵਿੱਚ ਚਾਪਲੂਸੀ ਜਾਂ ਚਮਚਾਗਿਰੀ ਦੇ ਆਧਾਰ ’ਤੇ ਟਿਕਟ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਰੰਧਾਵਾ ਨੇ ਆਪਣੇ ਪਰਿਵਾਰ ਦੀ ਪੁਰਾਣੀ ਸਿਆਸੀ ਮਿਸਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਕਾਂਗਰਸ ਦੀ ਟਿਕਟ ਮਿਲੀ ਸੀ, ਉਸ ਸਮੇਂ ਉਨ੍ਹਾਂ ਦੇ ਪਿਤਾ ਸੂਬਾ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਸੇ ਦਿਨ ਸਰਗਰਮ ਰਾਜਨੀਤੀ ਤੋਂ ਪਾਸੇ ਹੋਣ ਦਾ ਫੈਸਲਾ ਕਰ ਲਿਆ ਸੀ।
ਇਸ ਉਦਾਹਰਨ ਰਾਹੀਂ ਰੰਧਾਵਾ ਨੇ ‘ਇੱਕ ਪਰਿਵਾਰ, ਇੱਕ ਟਿਕਟ’ ਦੇ ਮੁੱਦੇ ’ਤੇ ਆਪਣੀ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਟਿਕਟ ਲੈਣੀ ਹੈ ਤਾਂ ਉਹ ਆਪਣੇ ਪਰਿਵਾਰ ਲਈ ਸਿਰਫ਼ ਇੱਕ ਟਿਕਟ ਲੈਣਗੇ, ਨਹੀਂ ਤਾਂ ਇੱਕ ਵੀ ਟਿਕਟ ਨਹੀਂ ਲੈਣਗੇ।
ਰੰਧਾਵਾ ਨੇ ਆਪਣੀ ਚੋਣੀ ਦਾਅਵੇਦਾਰੀ ਨੂੰ ਲੈ ਕੇ ਵੀ ਸਪੱਸ਼ਟਤਾ ਦਿਖਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਾਅਵੇਦਾਰੀ ਸਿਰਫ਼ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਹੀ ਹੋਵੇਗੀ। ਇਸ ਨਾਲ ਉਨ੍ਹਾਂ ਨੇ ਹੋਰ ਹਲਕਿਆਂ ਤੋਂ ਟਿਕਟ ਦੀ ਦਾਅਵੇਦਾਰੀ ਸਬੰਧੀ ਚੱਲ ਰਹੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ।











