Homeਪੰਜਾਬਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਭਰਤੀ ਪ੍ਰਕਿਰਿਆ ਦੌਰਾਨ ਨੌਜਵਾਨਾਂ ਨੂੰ ਮੁਹੱਈਆ ਕਰਵਾਈਆਂ ਬਿਹਤਰੀਨ...

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਭਰਤੀ ਪ੍ਰਕਿਰਿਆ ਦੌਰਾਨ ਨੌਜਵਾਨਾਂ ਨੂੰ ਮੁਹੱਈਆ ਕਰਵਾਈਆਂ ਬਿਹਤਰੀਨ ਸਹੂਲਤਾਂ

ਪਟਿਆਲਾ : ਪਟਿਆਲਾ ਵਿਖੇ ਭਾਰਤੀ ਫ਼ੌਜ ਵੱਲੋਂ ਕਰਵਾਈ ਗਈ 10 ਰੋਜ਼ਾ ਅਗਨੀਵੀਰ ਭਰਤੀ ਰੈਲੀ ਸਫ਼ਲਤਾਪੂਰਵਕ ਸੰਪੰਨ ਹੋ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ.ਡੀ.ਸੀ (ਜ) ਅਨੁਪ੍ਰਿਤਾ ਜੌਹਲ ਅਤੇ ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਰਮੀ ਭਰਤੀ ਦਫ਼ਤਰ ਪਟਿਆਲਾ ਤੇ ਏਅਰਾਵਤ ਡਿਵੀਜ਼ਨ ਦੇ ਸਥਾਨਕ ਮਿਲਟਰੀ ਅਧਿਕਾਰੀਆਂ ਦਰਮਿਆਨ ਨਜ਼ਦੀਕੀ ਤਾਲਮੇਲ ਸਦਕਾ ਭਰਤੀ ਰੈਲੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੀ।

ਆਰਮੀ ਰਿਕਰੂਟਮੈਂਟ ਦਫ਼ਤਰ ਪਟਿਆਲਾ ਵੱਲੋਂ ਜ਼ੋਨਲ ਰਿਕਰੂਟਮੈਂਟ ਦਫ਼ਤਰ ਜਲੰਧਰ ਦੀ ਅਗਵਾਈ ਹੇਠ ਇੱਥੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ 30 ਜੁਲਾਈ ਤੋਂ 8 ਅਗਸਤ 2026 ਤੱਕ ਇਸ 10 ਰੋਜ਼ਾ ਅਗਨੀਵੀਰ ਭਰਤੀ ਰੈਲੀ ਨੂੰ ਇੱਕ ਮਾਡਲ ਭਰਤੀ ਰੈਲੀ ਵਜੋਂ ਸਰਾਹਿਆ ਗਿਆ ਹੈ।ਇਸ ਦੌਰਾਨ ਲਗਭਗ 11 ਹਜ਼ਾਰ ਸੰਭਾਵੀ ਅਗਨੀਵੀਰ ਉਮੀਦਵਾਰਾਂ ਨੇ ਭਾਗ ਲਿਆ।

ਇਸ ਰੈਲੀ ਵਿੱਚ ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ 1 ਤੋਂ 10 ਜੂਨ 2026 ਤੱਕ ਹੋਈ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਤਸ਼ਾਹੀ ਨੌਜਵਾਨਾਂ ਨੇ ਦੋ ਪੜਾਵਾਂ ਵਿੱਚ ਹਿੱਸਾ ਲਿਆ। ਪਹਿਲੇ ਪੜਾਅ ਵਿੱਚ ਸਰੀਰਕ ਟੈਸਟ, ਜਿਸ ਵਿੱਚ 1.6 ਕਿਲੋਮੀਟਰ ਦੌੜ, ਚਿਨ-ਅੱਪ, ਬੈਲੈਂਸ ਵਾਕ ਅਤੇ 9 ਫੁੱਟ ਡਿੱਚ ਜੰਪ ਸ਼ਾਮਲ ਸਨ, ਦੇ ਨਾਲ-ਨਾਲ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਗਈ। ਇਸ ਤੋਂ ਬਾਅਦ ਅਗਲੇ ਦਿਨ ਮੈਡੀਕਲ ਫਿਟਨੈੱਸ ਟੈਸਟ ਕਰਵਾਇਆ ਗਿਆ। ਸਰੀਰਕ ਟੈਸਟ ਵਿੱਚ ਸਫ਼ਲ ਹੋਣ ਵਾਲੇ ਉਮੀਦਵਾਰਾਂ ਦੀ ਦਰ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਰਹੀ, ਜੋ ਨੌਜਵਾਨਾਂ ਦੀ ਵਧ ਰਹੀ ਤਿਆਰੀ ਅਤੇ ਉਤਸ਼ਾਹ ਨੂੰ ਦਰਸਾਉਂਦਾ ਇੱਕ ਸਕਾਰਾਤਮਕ ਰੁਝਾਨ ਹੈ।

ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸੰਪੰਨ ਹੋਈ ਇਸ ਭਰਤੀ ਰੈਲੀ ਦਾ ਏਅਰਾਵਤ ਡਿਵੀਜ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਦੌਰਾ ਵੀ ਕੀਤਾ ਗਿਆ। ਅਧਿਕਾਰੀਆਂ ਨੇ ਸਾਫ਼-ਸੁਥਰੀ, ਨਿਰਪੱਖ ਅਤੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਪ੍ਰਬੰਧਾਂ ਅਤੇ ਯਤਨਾਂ ਦੀ ਸ਼ਲਾਘਾ ਕੀਤੀ।

ਏ.ਡੀ.ਸੀ. ਨੇ ਦੱਸਿਆ ਕਿ ਰੈਲੀ ਦੌਰਾਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਮਿਲਟਰੀ ਅਧਿਕਾਰੀਆਂ ਵੱਲੋਂ ਨੌਜਵਾਨਾਂ ਨੂੰ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਨਾਸ਼ਤਾ, ਦੁਪਹਿਰ ਦਾ ਖਾਣਾ, ਚਾਹ, ਲੱਸੀ, ਮਿਨਰਲ ਵਾਟਰ, ਵਿਆਪਕ ਮੈਡੀਕਲ ਸਹੂਲਤਾਂ ਅਤੇ ਰੈਲੀ ਦੀ ਪੂਰੀ ਮਿਆਦ ਦੌਰਾਨ 24 ਘੰਟੇ ਫੌਜ ਅਤੇ ਪੁਲਿਸ ਦੀ ਸੁਰੱਖਿਆ ਤੋਂ ਇਲਾਵਾ ਸੀ.ਸੀ.ਟੀ.ਵੀ. ਰਾਹੀਂ ਨਿਗਰਾਨੀ ਸ਼ਾਮਲ ਰਹੀ।

ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਏ.ਡੀ.ਸੀ. ਅਨੁਪ੍ਰਿਤਾ ਜੌਹਲ ਤੇ ਸਹਾਇਕ ਕਮਿਸ਼ਨਰ ਨਵਜੋਤ ਕੌਰ ਮਾਵੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈਲੀ ਦੀ ਯੋਜਨਾਬੰਦੀ ਤੋਂ ਲੈ ਕੇ ਇਸ ਨੂੰ ਅਮਲੀ ਰੂਪ ਦੇਣ ਤੱਕ ਪੂਰੀ ਤਰ੍ਹਾਂ ਸਰਗਰਮ ਰਹੇ। ਆਰਮੀ ਰਿਕਰੂਟਮੈਂਟ ਦਫ਼ਤਰ ਪਟਿਆਲਾ ਨਾਲ ਲਗਾਤਾਰ ਤਾਲਮੇਲ ਕਰਦਿਆਂ ਰੈਲੀ ਦੀਆਂ ਲੌਜਿਸਟਿਕਸ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ 24 ਘੰਟੇ ਨਿਗਰਾਨੀ ਯਕੀਨੀ ਬਣਾਈ ਗਈ।

ਇਸੇ ਦੌਰਾਨ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਇਸ ਭਰਤੀ ਰੈਲੀ ਦੀ ਸ਼ਾਨਦਾਰ ਸਫ਼ਲਤਾ ਦਾ ਸਿਹਰਾ ਭਾਰਤੀ ਫੌਜ ਦੀ ਪਾਰਦਰਸ਼ੀ ਅਤੇ ਪੇਸ਼ੇਵਰ ਕਾਰਜਸ਼ੈਲੀ ਦੇ ਨਾਲ-ਨਾਲ ਫੌਜ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਦਿਖਾਈ ਗਈ ਸਾਂਝੀ ਕਾਰਜਸ਼ੀਲਤਾ ਅਤੇ ਬਿਹਤਰੀਨ ਤਾਲਮੇਲ ਨੂੰ ਜਾਂਦਾ ਹੈ। ਇਸ ਸਮੁੱਚੀ ਪ੍ਰਕਿਰਿਆ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਮਾਣ ਨਾਲ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ।ਇਸ ਰੈਲੀ ਦੌਰਾਨ ਨਗਰ ਨਿਗਮ, ਲੋਕ ਨਿਰਮਾਣ, ਬਿਜਲੀ ਨਿਗਮ, ਖੇਡ ਵਿਭਾਗ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ, ਪੁਲਿਸ ਵਿਭਾਗ ਸਮੇਤ ਹੋਰ ਵਿਭਾਗਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments