ਸਪੋਰਟਸ ਡੈਸਕ: ਭਾਰਤ ਦੇ ਆਸ਼ੀਸ਼ ਯਾਦਵ ਨੇ ਵਿਸ਼ਵ ਅਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਯਾਦਵ ਨੇ ਤੀਜੀ ਕੋਸ਼ਿਸ਼ ਵਿੱਚ 74.09 ਮੀਟਰ ਦਾ ਥਰੋਅ ਕੀਤਾ ਅਤੇ ਭਾਰਤ ਲਈ ਮੁਕਾਬਲੇ ਦੀ ਸ਼ੁਰੂਆਤ ਕੀਤੀ। ਇਸ ਪ੍ਰਦਰਸ਼ਨ ਨਾਲ ਉਹ ਨੀਰਜ ਚੋਪੜਾ ਤੋਂ ਬਾਅਦ ਇਸ ਈਵੈਂਟ ‘ਚ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਬਣ ਗਏ ।
74.09 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ
19 ਸਾਲਾ ਆਸ਼ੀਸ਼ ਯਾਦਵ ਨੇ ਮੁਕਾਬਲੇ ਦੇ ਤੀਜੇ ਦੌਰ ਵਿੱਚ 74.09 ਮੀਟਰ ਦਾ ਸ਼ਾਨਦਾਰ ਥਰੋਅ ਕੀਤਾ, ਜੋ ਉਨ੍ਹਾਂ ਨੂੰ ਚਾਂਦੀ ਦਾ ਤਗ਼ਮਾ ਦਿਵਾਉਣ ਲਈ ਕਾਫੀ ਸੀ। ਉਹ 74.49 ਮੀਟਰ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਤੋਂ ਸਿਰਫ਼ 40 ਸੈਂਟੀਮੀਟਰ ਛੋਟਾ ਸੀ। ਉਨ੍ਹਾਂ ਨੇ ਇਸ ਸਾਲ ਮਾਰਚ ਵਿੱਚ ਪਟਿਆਲਾ ਵਿੱਚ ਹੋਏ ਇੰਡੀਅਨ ਓਪਨ ਥਰੋਅ ਮੁਕਾਬਲੇ ਦੌਰਾਨ ਇਹ ਰਿਕਾਰਡ ਬਣਾਇਆ ਸੀ।
ਦੱਖਣੀ ਅਫਰੀਕਾ ਦੇ ਜਾਨ ਹੈਂਡਰਿਕ ਹੇਮੰਸ ਨੇ 80.50 ਮੀਟਰ ਥਰੋਅ ਨਾਲ ਸੋਨ ਤਮਗਾ ਜਿੱਤਿਆ, ਜਦਕਿ ਡੋਮਿਿਨਕਾ ਦੇ ਐਡੀਸਨ ਜੇਮਸ ਨੇ 73.89 ਮੀਟਰ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਦਾ ਟੀ. ਧਾਰਣੀਧਰਨ 72.35 ਮੀਟਰ ਦੇ ਪ੍ਰਦਰਸ਼ਨ ਨਾਲ ਛੇਵੇਂ ਸਥਾਨ ‘ਤੇ ਰਿਹਾ।
ਨੀਰਜ ਚੋਪੜਾ ਤੋਂ ਬਾਅਦ ਦੂਜੇ ਭਾਰਤੀ ਬਣ ਗਏ ਹਨ
ਆਸ਼ੀਸ਼ ਦੀ ਇਸ ਪ੍ਰਾਪਤੀ ਨੇ ਉਨ੍ਹਾਂ ਨੂੰ ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿਚ ਇਕ ਵਿਸ਼ੇਸ਼ ਸਥਾਨ ਦਿਵਾਇਆ ਹੈ। ਉਹ ਨੀਰਜ ਚੋਪੜਾ ਤੋਂ ਬਾਅਦ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੇ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਹਨ। ਨੀਰਜ ਚੋਪੜਾ ਨੇ 2016 ਵਿੱਚ ਪੋਲੈਂਡ ਵਿੱਚ ਹੋਈ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ 86.48 ਮੀਟਰ ਦੀ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ ਸੀ। ਉਨ੍ਹਾਂ ਦਾ ਬਣਾਇਆ ਵਿਸ਼ਵ ਜੂਨੀਅਰ ਰਿਕਾਰਡ ਅੱਜ ਵੀ ਕਾਇਮ ਹੈ।
ਮੁਹੰਮਦ ਅਸ਼ਫਾਕ 400 ਮੀਟਰ ‘ਚ ਅੱਠਵੇਂ ਸਥਾਨ ‘ਤੇ ਰਹੇ
ਪੁਰਸ਼ਾਂ ਦੇ 400 ਮੀਟਰ ਮੁਕਾਬਲੇ ਵਿੱਚ ਭਾਰਤ ਦੇ ਮੁਹੰਮਦ ਅਸ਼ਫਾਕ ਫਾਈਨਲ ਵਿੱਚ 46.20 ਸਕਿੰਟ ਦੇ ਸਮੇਂ ਨਾਲ ਅੱਠਵੇਂ ਸਥਾਨ ’ਤੇ ਰਹੇ। ਇੱਕ ਦਿਨ ਪਹਿਲਾਂ, ਉਨ੍ਹਾਂਨੇ ਹੀਟਸ ਦੇ ਪਹਿਲੇ ਦੌਰ ਵਿੱਚ ਅੰਡਰ-20 ਦਾ ਰਾਸ਼ਟਰੀ ਰਿਕਾਰਡ ਤੋੜਿਆ ਸੀ। ਅਮਰੀਕਾ ਦੇ ਜੇਡੇਨ ਡੇਲੋਨ ਨੇ 44.47 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ, ਜਦਕਿ ਉਨ੍ਹਾਂ ਦੀ ਹਮਵਤਨ ਕਿਨਸੀ ਵਿਲਸਨ ਨੇ 44.62 ਸਕਿੰਟ ਦੇ ਸਮੇਂ ਨਾਲ ਦੌੜ ਪੂਰੀ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਦੱਖਣੀ ਅਫ਼ਰੀਕਾ ਦੇ ਲਿਏਂਡਰਟ ਕੇ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਪੂਜਾ ਸਿੰਘ ਨੇ ਉੱਚੀ ਛਾਲ ਦੇ ਫਾਈਨਲ ਵਿੱਚ ਬਣਾਈ ਥਾਂ
ਰਾਸ਼ਟਰੀ ਸੀਨੀਅਰ ਰਿਕਾਰਡ ਧਾਰਕ ਪੂਜਾ ਸਿੰਘ ਨੇ ਔਰਤਾਂ ਦੀ ਉੱਚੀ ਛਾਲ ਦੇ ਫਾਈਨਲ ਵਿੱਚ ਥਾਂ ਬਣਾਈ। ਉਨ੍ਹਾਂ ਨੇ ਯੋਗਤਾ ਵਿੱਚ 1.79 ਮੀਟਰ ਦੀ ਉਚਾਈ ਨੂੰ ਪਾਸ ਕੀਤਾ। ਦੋਵਾਂ ਕੁਆਲੀਫਿਕੇਸ਼ਨ ਗਰੁੱਪਾਂ ਵਿੱਚੋਂ 1.79 ਮੀਟਰ ਜਾਂ ਇਸ ਤੋਂ ਵੱਧ ਦੀ ਛਾਲ ਮਾਰਨ ਵਾਲੇ ਅਥਲੀਟਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ।
ਲੰਬੀ ਛਾਲ ਵਿੱਚ ਵੀ ਭਾਰਤ ਨੂੰ ਮਿਲੀ ਸਫ਼ਲਤਾ
ਭਾਰਤ ਦੇ ਸ਼ਾਹਨਵਾਜ਼ ਖਾਨ ਅਤੇ ਜਿਿਤਨ ਅਰਜੁਨ ਨੇ ਵੀ ਪੁਰਸ਼ਾਂ ਦੀ ਲੰਬੀ ਛਾਲ ਵਿੱਚ ਫਾਈਨਲ ਵਿੱਚ ਥਾਂ ਬਣਾਈ। ਸ਼ਾਹਨਵਾਜ਼ ਕੁਆਲੀਫਿਕੇਸ਼ਨ ਗਰੁੱਪ ਏ ਵਿੱਚ 7.79 ਮੀਟਰ ਦੀ ਛਾਲ ਮਾਰ ਕੇ ਕੁੱਲ ਪੰਜਵੇਂ ਸਥਾਨ ’ਤੇ ਰਿਹਾ। ਜਦੋਂ ਕਿ ਜਿਤਿਨ ਅਰਜੁਨ ਨੇ 7.57 ਮੀਟਰ ਦੀ ਛਾਲ ਲਗਾ ਕੇ ਓਵਰਆਲ 12ਵਾਂ ਸਥਾਨ ਹਾਸਲ ਕੀਤਾ। ਹਾਲਾਂਕਿ ਭਾਰਤ ਦੀ ਪੂਨਮ ਮਹਿਲਾ ਜੈਵਲਿਨ ਥਰੋਅ ਮੁਕਾਬਲੇ ਵਿੱਚ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ। ਉਹ ਆਪਣੇ ਯੋਗਤਾ ਗਰੁੱਪ ਵਿੱਚ ਅੱਠਵੇਂ ਅਤੇ ਕੁੱਲ ਮਿਲਾ ਕੇ 13ਵੇਂ ਸਥਾਨ ’ਤੇ ਰਹੀ।












