ਨਵੀਂ ਦਿੱਲੀ : ਸੰਸਦ ਦਾ ਮਾਨਸੂਨ ਸੈਸ਼ਨ ਹਾਲੇ ਵੀ ਜਾਰੀ ਹੈ। ਅੱਜ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਕਈ ਅਹਿਮ ਵਿਧਾਨਕ ਪ੍ਰਸਤਾਵਾਂ ‘ਤੇ ਚਰਚਾ ਅਤੇ ਕਾਰਵਾਈ ਹੋਣੀ ਸੀ। ਹਾਲਾਂਕਿ ਦੋਵੇਂ ਸਦਨਾਂ ਨੂੰ ਹੰਗਾਮੇ ਕਾਰਨ ਮੁਲਤਵੀ ਕਰ ਦਿੱਤਾ ਗਿਆ। ਦੋਵੇਂ ਸਦਨਾਂ ਦੀ ਅਗਲੀ ਕਾਰਵਾਈ ਹੁਣ 3 ਅਗਸਤ ਨੂੰ ਸ਼ੁਰੂ ਹੋਵੇਗੀ।
ਦੱਸ ਦੇਈਏ ਕਿ ਲੋਕ ਸਭਾ ਵਿੱਚ ਮੈਂਬਰਾਂ ਵੱਲੋਂ ‘ਜਨਮ ਅਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ, 2026’ ਅਤੇ ‘ਸੁਪਰੀਮ ਕੋਰਟ (ਜੱਜਾਂ ਦੀ ਗਿਣਤੀ) ਸੋਧ ਬਿੱਲ, 2026’ ‘ਤੇ ਚਰਚਾ ਅਤੇ ਵੋਟਿੰਗ ਹੋਣੀ ਸੀ। ਉੱਥੇ ਹੀ, ਰਾਜ ਸਭਾ ਵਿੱਚ ‘ਸੂਖਮ, ਲਘੂ ਅਤੇ ਮੱਧਮ ਉਦਯੋਗ ਵਿਕਾਸ (ਸੋਧ) ਬਿੱਲ, 2026’ ‘ਤੇ ਚਰਚਾ ਹੋਣੀ ਸੀ।
ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਜਨਮ ਅਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ, 2026’ ਪੇਸ਼ ਕਰਨ ਵਾਲੇ ਸਨ, ਜਿਸ ਦਾ ਮਕਸਦ ‘ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ, 1969’ ਵਿੱਚ ਸੋਧ ਕਰਨਾ ਹੈ। ਹਾਲਾਂਕਿ ਦੋਵੇਂ ਸਦਨਾਂ ਵਿੱਚ ਵਿਰੋਧੀ ਧਿਰ ਵੱਲੋਂ ਲਗਾਤਾਰ ਹੰਗਾਮਾ ਜਾਰੀ ਰਿਹਾ, ਜਿਸ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।












