ਬਿਹਾਰ: ਬਿਹਾਰ ਦੇ ਖਗੜੀਆ ਜ਼ਿਲ੍ਹੇ ‘ਚ ਮਿਡ-ਡੇ-ਮੀਲ ‘ਚ ਮਰਿਆ ਹੋਇਆ ਸੱਪ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਹਾਲ ਹੀ ‘ਚ ਕੁਝ ਦਿਨ ਪਹਿਲਾਂ ਸਹਰਸਾ ਜ਼ਿਲ੍ਹੇ ‘ਚ ਵੀ ਖਾਣੇ ਵਿੱਚ ਮਰਿਆ ਹੋਇਆ ਸੱਪ ਮਿਲਣ ਨਾਲ ਕਈ ਬੱਚੇ ਬਿਮਾਰ ਪੈ ਗਏ ਸਨ । ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹੇ ਦੇ ਗਰਲਜ਼ ਮਿਡਲ ਸਕੂਲ ਭੂਤੌਲੀ ਦਾ ਹੈ। ਇੱਥੇ ਮਿਡ-ਡੇ-ਮੀਲ ਖਾਣ ਤੋਂ ਬਾਅਦ 60 ਬੱਚਿਆਂ ਦੀ ਸਿਹਤ ਅਚਾਨਕ ਵਿਗੜ ਗਈ।
ਜਿਵੇਂ ਹੀ ਬੱਚਿਆਂ ਨੇ ਬੇਚੈਨੀ, ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਤਾਂ ਸਕੂਲ ਵਿੱਚ ਭਗਦੜ ਮੱਚ ਗਈ। ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਤੁਰੰਤ ਸਕੂਲ ‘ਚ ਪਹੁੰਚ ਕੇ ਹੰਗਾਮਾ ਕੀਤਾ ਅਤੇ ਲਾਪਰਵਾਹੀ ਵਾਲੇ ਸਿਸਟਮ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸਾਰੇ ਪ੍ਰਭਾਵਿਤ ਬੱਚਿਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ।












