ਜਲੰਧਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਪੰਜਾਬ ਫੇਰੀ ਦੌਰਾਨ ਇੱਕ ਵਿਸ਼ੇਸ਼ ਪਲ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਜਲੰਧਰ ਦੇ ਨੌਜਵਾਨ ਪੱਗ ਮਾਹਿਰ ਸਨਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸ਼ਾਹੀ ਅੰਦਾਜ਼ ਵਿੱਚ ਪੱਗ ਬੰਨ੍ਹੀ। ਸਿਰਫ਼ ਡੇਢ ਮਿੰਟ ਦੇ ਅੰਦਰ ਹਰੇ ਰੰਗ ਦੀ ਅਰਧ-ਪਟਿਆਲਾ ਸ਼ਾਹੀ ਪੱਗ ਸਜਾ ਕੇ ਸਨਪ੍ਰੀਤ ਨੇ ਆਪਣੀ ਕਲਾ ਅਤੇ ਹੁਨਰ ਦਾ ਇੱਕ ਵਾਰ ਫਿਰ ਪ੍ਰਦਰਸ਼ਨ ਕੀਤਾ।
ਜਾਣਕਾਰੀ ਅਨੁਸਾਰ, ਇਹ ਤੀਜੀ ਵਾਰ ਹੈ ਜਦੋਂ ਸਨਪ੍ਰੀਤ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪੱਗ ਬੰਨ੍ਹਣ ਦਾ ਮੌਕਾ ਮਿਲਿਆ। 17 ਜੁਲਾਈ ਨੂੰ ਹੋਏ ਪ੍ਰੋਗਰਾਮ ਤੋਂ ਪਹਿਲਾਂ ਸਨਪ੍ਰੀਤ ਨੂੰ ਖ਼ਾਸ ਤੌਰ ‘ਤੇ ਹਰੇ ਰੰਗ ਦੀ ਸ਼ਾਹੀ ਪੱਗ ਤਿਆਰ ਕਰਨ ਅਤੇ ਬੰਨ੍ਹਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਪੰਜਾਬੀ ਸੱਭਿਆਚਾਰ ਦੀ ਪਹਿਚਾਣ ਮੰਨੀ ਜਾਣ ਵਾਲੀ ਇਹ ਪੱਗ ਪ੍ਰਧਾਨ ਮੰਤਰੀ ਦੀ ਪਹਿਰਾਵੇ ਨਾਲ ਬਹੁਤ ਖੂਬਸੂਰਤੀ ਨਾਲ ਮੇਲ ਖਾਂਦੀ ਨਜ਼ਰ ਆਈ।
ਸਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੱਗ ਬੰਨ੍ਹ ਰਹੇ ਸਨ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨਾਲ ਬੜੇ ਹੀ ਸਾਦਗੀ ਭਰੇ ਅੰਦਾਜ਼ ਵਿੱਚ ਗੱਲਬਾਤ ਕੀਤੀ। ਮੋਦੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਇਸ ਵਾਰ ਪੱਗ ਪਿਛਲੀ ਵਾਰ ਨਾਲੋਂ ਹੋਰ ਵੀ ਵਧੀਆ ਢੰਗ ਨਾਲ ਬੰਨ੍ਹੀ ਜਾਵੇ। ਇਸ ਤੋਂ ਬਾਅਦ ਸਨਪ੍ਰੀਤ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਬਹੁਤ ਹੀ ਘੱਟ ਸਮੇਂ ਵਿੱਚ ਸ਼ਾਨਦਾਰ ਪੱਗ ਸਜਾ ਦਿੱਤੀ।
ਪੱਗ ਬੰਨ੍ਹਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਿਆ ਅਤੇ ਮੁਸਕਰਾਉਂਦੇ ਹੋਏ ਸੰਤੁਸ਼ਟੀ ਜ਼ਾਹਿਰ ਕੀਤੀ। ਉੱਥੇ ਮੌਜੂਦ ਲੋਕਾਂ ਨੇ ਵੀ ਇਸ ਪਲ ਨੂੰ ਖਾਸ ਤੌਰ ‘ਤੇ ਨੋਟ ਕੀਤਾ। ਇਹ ਦ੍ਰਿਸ਼ ਹੁਣ ਸੋਸ਼ਲ ਮੀਡੀਆ ‘ਤੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪੰਜਾਬ ਵਿੱਚ ਪੱਗ ਸਿਰਫ਼ ਇੱਕ ਪਹਿਰਾਵਾ ਨਹੀਂ, ਸਗੋਂ ਸਨਮਾਨ, ਸੱਭਿਆਚਾਰ ਅਤੇ ਵਿਰਾਸਤ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਦੌਰਾਨ ਪੱਗ ਧਾਰਨ ਕਰਨਾ ਅਤੇ ਸਥਾਨਕ ਕਲਾਕਾਰ ਨੂੰ ਇਹ ਜ਼ਿੰਮੇਵਾਰੀ ਦੇਣਾ ਪੰਜਾਬੀ ਸੱਭਿਆਚਾਰ ਪ੍ਰਤੀ ਸਨਮਾਨ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ।
ਸਨਪ੍ਰੀਤ ਸਿੰਘ ਲਈ ਇਹ ਮੌਕਾ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਪੱਗ ਬੰਨ੍ਹਣ ਦੀ ਕਲਾ ਪਹਿਲਾਂ ਵੀ ਕਈ ਮਸ਼ਹੂਰ ਹਸਤੀਆਂ ਵੱਲੋਂ ਸਰਾਹੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਲਈ ਤੀਜੀ ਵਾਰ ਪੱਗ ਬੰਨ੍ਹਣਾ ਉਨ੍ਹਾਂ ਦੇ ਹੁਨਰ ਦੀ ਵੱਡੀ ਪਛਾਣ ਮੰਨੀ ਜਾ ਰਹੀ ਹੈ।