ਜ਼ੀਰਕਪੁਰ : ਸਥਾਨਕ ਵੀ.ਆਈ.ਪੀ ਰੋਡ ‘ਤੇ ਸਥਿਤ ਸਾਵਿਤਰੀ ਗ੍ਰੀਨ ਸੋਸਾਇਟੀ ‘ਚ ਨਸ਼ੇ ਦੇ ਆਦੀ ਲੜਕੇ ਨੇ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕਮਰੇ ‘ਚ ਬੰਦ ਕਰਕੇ ਫਲੈਟ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਅਨੁਸਾਰ ਨਸ਼ਾ ਨਾ ਮਿਲਣ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6:15 ਵਜੇ ਇਸ ਫਲੈਟ ਦੇ ਮਾਲਕ ਦਾ ਫੋਨ ਆਇਆ ਕਿ ਉਨ੍ਹਾਂ ਦੇ ਫਲੈਟ ਨੂੰ ਅੱਗ ਲੱਗ ਗਈ ਹੈ, ਕਿਰਪਾ ਕਰਕੇ ਸਾਨੂੰ ਜਲਦੀ ਬਚਾਓ। ਉਸ ਨੇ ਦੱਸਿਆ ਕਿ ਜਦੋਂ ਉਹ ਸੁਰੱਖਿਆ ਗਾਰਡ ਸਮੇਤ ਮੌਕੇ ‘ਤੇ ਪਹੁੰਚੇ ਤਾਂ ਸਭ ਤੋਂ ਪਹਿਲਾਂ ਬਾਲਕੋਨੀ ‘ਚੋਂ ਰਸਤਾ ਖੋਲ੍ਹਣ ਦਾ ਕੰਮ ਕੀਤਾ ਅਤੇ ਜਦੋਂ ਕੁਝ ਧੂੰਆਂ ਨਿਕਲਿਆ ਤਾਂ ਉਸ ਨੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਲੜਕੇ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਬਚਾਇਆ।
ਅੱਗ ਨਾਲ ਘਰ ਦਾ ਸੋਫਾ, ਬਿਸਤਰਾ ਅਤੇ ਹੋਰ ਕਈ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਸੈਕਟਰ-32 ਹਸਪਤਾਲ ਚੰਡੀਗੜ੍ਹ ਦੇ ਨਸ਼ਾ ਛੁਡਾਊ ਕੇਂਦਰ ‘ਚ ਫੋਨ ਕੀਤਾ ਗਿਆ ਅਤੇ ਉਥੋਂ ਇਕ ਟੀਮ ਆ ਕੇ ਲੜਕੇ ਨੂੰ ਆਪਣੇ ਨਾਲ ਲੈ ਗਈ।