ਕਿਸ਼ਤਵਾੜ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ 540 ਮੈਗਾਵਾਟ ਦੇ ਕਵਾਰ ਪਣ-ਬਿਜਲੀ ਪ੍ਰੋਜੈਕਟ ਦੇ ਨੇੜੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦਾ ਵੱਡੀ ਘਟਨਾ ਸਾਹਮਣੇ ਆਈ ਹੈ। ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪਹਾੜੀ ਖੇਤਰ ਦੀ ਮਿੱਟੀ ਖਿਸਕ ਗਈ, ਜਿਸ ਨਾਲ ਆਲੇ-ਦੁਆਲੇ ਦਾ ਇਲਾਕਾ ਪ੍ਰਭਾਵਿਤ ਹੋਇਆ। ਇਸ ਘਟਨਾ ਤੋਂ ਬਾਅਦ, ਉੱਥੇ ਖੜ੍ਹੇ ਕਈ ਵਾਹਨ ਅਚਾਨਕ ਮਲਬੇ ਦੀ ਚਪੇਟ ਵਿੱਚ ਆ ਗਏ ਅਤੇ ਪੂਰੀ ਤਰ੍ਹਾਂ ਦੱਬ ਗਏ। ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਮਲਬੇ ਹੇਠ ਫਸੇ ਹੋਏ ਹਨ।
ਰਾਹਤ ਅਤੇ ਬਚਾਅ ਕਾਰਜ ਵਿੱਚ ਤੇਜ਼ੀ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈਆਂ। ਮਲਬਾ ਹਟਾਉਣ ਅਤੇ ਫਸੇ ਵਾਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਰਜੀਹ ਖੇਤਰ ਨੂੰ ਸੁਰੱਖਿਅਤ ਕਰਨਾ ਅਤੇ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਟਾਲਣਾ ਹੈ। ਬਚਾਅ ਟੀਮ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਜਾਰੀ ਹੈ।
ਮੌਸਮ ਵਿਭਾਗ ਦਾ ਅਲਰਟ
ਲਗਾਤਾਰ ਵਿਗੜ ਰਹੇ ਮੌਸਮ ਦੇ ਕਾਰਨ, ਪ੍ਰਸ਼ਾਸਨ ਨੇ ਕਿਸ਼ਤਵਾੜ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ। ਇਸ ਦੇ ਮੱਦੇਨਜ਼ਰ, ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਅਤੇ ਯਾਤਰੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਪ੍ਰਸ਼ਾਸਨ ਵੱਲੋਂ ਜਨਤਾ ਨੂੰ ਅਪੀਲ
ਪ੍ਰਸ਼ਾਸਨ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਜ਼ਰੂਰੀ ਕਾਰਨ ਦੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਕਮਜ਼ੋਰ ਇਲਾਕਿਆਂ ਤੋਂ ਦੂਰ ਰਹਿਣ। ਨਾਲ ਹੀ ਜਾਰੀ ਕੀਤੀ ਗਈ ਸਾਰੀ ਸੁਰੱਖਿਆ ਐਡਵਾਇਜ਼ਰੀ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਸਪੱਸਟ ਕੀਤਾ ਹੈ ਕਿ ਇਸ ਸਮੇਂ ਸਹਿਯੋਗ ਅਤੇ ਸਾਵਧਾਨੀ ਹੀ ਸਭ ਤੋਂ ਵੱਡਾ ਸੁਰੱਖਿਆ ਉਪਾਅ ਹੈ। ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਸ਼ਾਸਕੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ।












