ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੂੰ ਲੈ ਕੇ ਇੱਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਬੋਰਡ ਨੇ ਇਨ੍ਹਾਂ ਦੋਵਾਂ ਜਮਾਤਾਂ ਦੇ ਵਿਦਿਆਰਥੀਆਂ ਦੇ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਵਿਦਿਆਰਥੀਆਂ ਅਤੇ ਸਕੂਲਾਂ ਨੂੰ ਰਾਹਤ ਦਿੰਦੇ ਹੋਏ, ਬੋਰਡ ਪੋਰਟਲ ‘ਤੇ ਹੁਣ ‘ਅੰਡਰਟੇਕਿੰਗ’ ਦਾ ਵਿਕਲਪ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਜਿਨ੍ਹਾਂ ਵਿਦਿਆਰਥੀਆਂ ਦਾ ਜਨਮ ਸਰਟੀਫਿਕੇਟ ਅਜੇ ਤੱਕ ਨਹੀਂ ਬਣਾਇਆ ਗਿਆ ਹੈ ਜਾਂ ਡਿਜੀਟਲ ਨਹੀਂ ਹੈ, ਉਨ੍ਹਾਂ ਦੇ ਸਕੂਲ ਹੁਣ ਅੰਡਰਟੇਕਿੰਗ ਨੂੰ ਅਪਲੋਡ ਕਰ ਸਕਦੇ ਹਨ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲੇਟ ਫੀਸ ਦੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 10 ਜੁਲਾਈ ਤੈਅ ਹੈ, ਜਦੋਂ ਕਿ ਔਨਲਾਈਨ ਫੀਸ ਜਮ੍ਹਾਂ ਕਰਵਾਉਣ ਦੇ ਲਈ ਆਖਰੀ ਮਿਤੀ 15 ਜੁਲਾਈ ਤੈਅ ਕੀਤੀ ਗਈ ਹੈ।












