ਮੈਕਸੀਕੋ: ਫੁੱਟਬਾਲ ਵਿਸ਼ਵ ਕੱਪ 2026 ਦੇ ਰੋਮਾਂਚਕ ਮੁਕਾਬਲਿਆਂ ਵਿੱਚ ਬੁੱਧਵਾਰ ਦਾ ਦਿਨ ਫਰਾਂਸ ਅਤੇ ਮੈਕਸੀਕੋ ਲਈ ਯਾਦਗਾਰ ਸਾਬਤ ਹੋਇਆ। ਡਿਫੈਂਡਿੰਗ ਫਾਈਨਲਿਸਟ ਫਰਾਂਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਵੀਡਨ ਨੂੰ 3-0 ਨਾਲ ਹਰਾਕੇ ਰਾਊਂਡ ਆਫ 16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਦੂਜੇ ਪਾਸੇ ਸਹਿ-ਮੇਜ਼ਬਾਨ ਮੈਕਸੀਕੋ ਨੇ ਇਕਵਾਡੋਰ ਨੂੰ 2-0 ਨਾਲ ਮਾਤ ਦੇ ਕੇ 40 ਸਾਲਾਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਵਿੱਚ ਜਿੱਤ ਦਰਜ ਕੀਤੀ।
ਨਿਊ ਜਰਸੀ ਦੇ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਫਰਾਂਸ ਦੇ ਸਟਾਰ ਫਾਰਵਰਡ ਕਾਇਲੀਅਨ ਐਮਬਾਪੇ ਨੇ ਆਪਣੀ ਕਲਾਸ ਦਿਖਾਉਂਦਿਆਂ ਦੋ ਸ਼ਾਨਦਾਰ ਗੋਲ ਕੀਤੇ। ਐਮਬਾਪੇ ਦੀ ਤੇਜ਼ ਰਫ਼ਤਾਰ ਅਤੇ ਹਮਲਾਵਰ ਖੇਡ ਨੇ ਸਵੀਡਨ ਦੀ ਰੱਖਿਆ ਪੰਕਤੀ ਨੂੰ ਪੂਰੀ ਤਰ੍ਹਾਂ ਦਬਾਅ ਹੇਠ ਰੱਖਿਆ। ਫਰਾਂਸ ਲਈ ਤੀਜਾ ਗੋਲ ਬ੍ਰੈਡਲੀ ਬਾਰਕੋਲਾ ਨੇ ਕਰਕੇ ਟੀਮ ਦੀ ਜਿੱਤ ਨੂੰ ਹੋਰ ਮਜ਼ਬੂਤ ਕੀਤਾ। ਇਸ ਜਿੱਤ ਨਾਲ ਫਰਾਂਸ ਨੇ ਖਿਤਾਬ ਦੀ ਦੌੜ ਵਿੱਚ ਆਪਣਾ ਦਾਅਵਾ ਹੋਰ ਮਜ਼ਬੂਤ ਕਰ ਦਿੱਤਾ ਹੈ।
ਉੱਧਰ ਮੈਕਸੀਕੋ ਸਿਟੀ ਵਿੱਚ ਹੋਏ ਮੁਕਾਬਲੇ ਵਿੱਚ ਮੈਕਸੀਕੋ ਨੇ ਇਕਵਾਡੋਰ ਖ਼ਿਲਾਫ਼ ਸ਼ੁਰੂ ਤੋਂ ਹੀ ਹਮਲਾਵਰ ਰਣਨੀਤੀ ਅਪਣਾਈ। ਮੈਕਸੀਕੋ ਲਈ ਜੂਲੀਅਨ ਕੁਇਨੋਨੇਸ ਨੇ 22ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ, ਜਦਕਿ ਤਜਰਬੇਕਾਰ ਸਟ੍ਰਾਈਕਰ ਰਾਊਲ ਜਿਮੇਨੇਜ਼ ਨੇ 31ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਟੀਮ ਨੂੰ ਮਜ਼ਬੂਤ ਬੜ੍ਹਤ ਦਿਵਾਈ। ਇਕਵਾਡੋਰ ਦੀ ਵਾਪਸੀ ਦੀਆਂ ਉਮੀਦਾਂ ਉਸ ਵੇਲੇ ਖ਼ਤਮ ਹੋ ਗਈਆਂ ਜਦੋਂ ਸਟਾਪੇਜ ਟਾਈਮ ਦੇ ਪੰਜਵੇਂ ਮਿੰਟ ਵਿੱਚ ਪਿਓਰੋ ਹਿਨਕਾਪੀ ਨੂੰ ਲਾਲ ਕਾਰਡ ਦਿਖਾਇਆ ਗਿਆ।
ਮੈਕਸੀਕੋ ਦੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਪ੍ਰਸ਼ੰਸਕਾਂ ਨੇ ਵੱਡੇ ਪੱਧਰ ‘ਤੇ ਜਸ਼ਨ ਮਨਾਏ। ਸੜਕਾਂ, ਚੌਰਾਹਿਆਂ ਅਤੇ ਜਨਤਕ ਥਾਵਾਂ ‘ਤੇ ਹਜ਼ਾਰਾਂ ਫੁੱਟਬਾਲ ਪ੍ਰੇਮੀ ਇਕੱਠੇ ਹੋਏ। ਹਾਲਾਂਕਿ ਖੁਸ਼ੀ ਦਾ ਇਹ ਮਾਹੌਲ ਉਸ ਸਮੇਂ ਗਮ ਵਿੱਚ ਬਦਲ ਗਿਆ ਜਦੋਂ ਜਸ਼ਨਾਂ ਦੌਰਾਨ ਦਮ ਘੁੱਟਣ ਕਾਰਨ ਦੋ ਪ੍ਰਸ਼ੰਸਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੁਣ ਫਰਾਂਸ 5 ਜੁਲਾਈ ਨੂੰ ਪੈਰਾਗੁਏ ਨਾਲ ਮੁਕਾਬਲਾ ਕਰੇਗਾ, ਜਦਕਿ ਮੈਕਸੀਕੋ 6 ਜੁਲਾਈ ਨੂੰ ਇੰਗਲੈਂਡ ਅਤੇ ਡੀਆਰ ਕਾਂਗੋ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗਾ। ਦੋਵਾਂ ਟੀਮਾਂ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਜ਼ਬਰਦਸਤ ਟੱਕਰ ਦੀ ਉਮੀਦ ਕੀਤੀ ਜਾ ਰਹੀ ਹੈ। ਫੁੱਟਬਾਲ ਪ੍ਰੇਮੀ ਹੁਣ ਅਗਲੇ ਨਾਕਆਊਟ ਮੁਕਾਬਲਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।












