ਕਰਨਾਟਕ: ਕਰਨਾਟਕ ਦੇ ਦਾਵਨਗੇਰੇ ਸ਼ਹਿਰ ਤੋਂ ਬਹੁਤ ਹੀ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਕੇ.ਟੀ.ਜੇ. ਨਗਰ ਦੇ ਰਹਿਣ ਵਾਲੇ 26 ਸਾਲਾ ਰਾਸ਼ਟਰੀ ਪੱਧਰ ਦੇ ਮਸ਼ਹੂਰ ਬਾਡੀ ਬਿਲਡਰ ਸੁਸ਼ੀਲ ਕੁਮਾਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਆਪਣੀ ਮਿਹਨਤ ਸਦਕਾ ਸੂਬੇ ਅਤੇ ਦੇਸ਼ ਭਰ ‘ਚ ਸੈਂਕੜੇ ਐਵਾਰਡ ਜਿੱਤ ਕੇ ਦਾਵਨਗੇਰੇ ਦਾ ਨਾਂ ਰੌਸ਼ਨ ਕਰਨ ਵਾਲੇ ਇਸ ਹੋਣਹਾਰ ਅਤੇ ਫਿੱਟ ਖਿਡਾਰੀ ਦੀ ਮੌਤ ਨਾਲ ਖੇਡ ਜਗਤ ਨੂੰ ਗਹਿਰਾ ਸਦਮਾ ਪੁੱਜਾ ਹੈ। ਸਭ ਤੋਂ ਵੱਧ ਭਾਵੁਕ ਕਰਨ ਵਾਲੀ ਗੱਲ ਇਹ ਹੈ ਕਿ ਇਸ ਨੌਜਵਾਨ ਪੁੱਤਰ ਦੀ ਅਚਾਨਕ ਮੌਤ ਦੇ ਗਵਾਹ ਉਸਦੇ ਬੇਸਹਾਰਾ ਮਾਤਾ-ਪਿਤਾ ਖੁਦ ਬਣੇ ।
ਸਵੇਰੇ ਕੀਤੀ ਸੀ ਭਾਰੀ ਕਸਰਤ
ਪਰਿਵਾਰਕ ਸੂਤਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਸ਼ੀਲ ਕੁਮਾਰ ਦਾ ਰੋਜ਼ਾਨਾ ਦਾ ਕੰਮ ਹਮੇਸ਼ਾ ਵਾਂਗ ਆਮ ਅਤੇ ਅਨੁਸ਼ਾਸਿਤ ਸੀ। ਸੁਸ਼ੀਲ ਕੁਮਾਰ ਨੇ ਬੀਤੀ ਸਵੇਰ ਆਮ ਵਾਂਗ ਜਿਮ ‘ਚ ਆਪਣੀ ਸਖਤ ਅਤੇ ਭਾਰੀ ਵਰਕਆਊਟ ਪੂਰੀ ਕੀਤੀ ਸੀ। ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਰਗਰਮ ਦਿਖਾਈ ਦੇ ਰਹੇ ਸਨ। ਸ਼ਾਮ ਨੂੰ, ਉਹ ਫਿਰ ਤੋਂ ਆਪਣੇ ਦੂਜੇ ਵਰਕਆਊਟ ਸੈਸ਼ਨ ਲਈ ਜਿੰਮ ਜਾਣ ਦੀ ਤਿਆਰੀ ਕਰ ਰਹੇ ਸਨ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਰੁਕਿਆ ਸਾਹ
ਮੌਤ ਇੰਨੀ ਅਚਾਨਕ ਆਈ ਕਿ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਸੁਸ਼ੀਲ ਕੁਮਾਰ ਸ਼ਾਮ ਨੂੰ ਘਰ ਤੋਂ ਬਾਹਰ ਨਿਕਲਣ ਹੀ ਵਾਲੇ ਸਨ । ਉਨ੍ਹਾਂ ਨੇ ਦਾਵਾਂਗੇਰੇ ਜ਼ਿਲ੍ਹਾ ਹਸਪਤਾਲ ਵਿੱਚ ਕੰਮ ਕਰਨ ਵਾਲੀ ਆਪਣੀ ਮਾਂ ਨੂੰ ਡਿਊਟੀ ‘ਤੇ ਛੱਡਣਾ ਸੀ। ਜਿਵੇਂ ਹੀ ਉਹ ਘਰ ਦੇ ਦਰਵਾਜ਼ੇ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਅਚਾਨਕ ਤੇਜ਼ ਚੱਕਰ ਆਇਆ ਅਤੇ ਉਹ ਮਾਤਾ-ਪਿਤਾ ਦੇ ਸਾਹਮਣੇ ਹੀ ਜ਼ਮੀਨ ‘ਤੇ ਡਿੱਗ ਪਏ ।
ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ। ਜਾਂਚ ਦੌਰਾਨ ਡਾਕਟਰਾਂ ਨੇ ਪਾਇਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ (ਬੀ.ਪੀ) ਖਤਰਨਾਕ ਪੱਧਰ ਤੱਕ ਡਿੱਗ ਗਿਆ ਸੀ। ਹਸਪਤਾਲ ਵਿੱਚ ਸਹੀ ਢੰਗ ਨਾਲ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਨੌਜਵਾਨ ਚੈਂਪੀਅਨ ਦੀ ਮੌਤ ਹੋ ਗਈ।












