ਅੰਮ੍ਰਿਤਸਰ: ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਕਾਰ ਰੇਲ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਲਗਭਗ ਸੱਤ ਮਹੀਨਿਆਂ ਦੇ ਅੰਤਰਾਲ ਬਾਅਦ ਮੁੜ ਪਟੜੀਆਂ ’ਤੇ ਦੌੜ ਪਈ ਹੈ। ਟ੍ਰੇਨ ਦੀ ਦੁਬਾਰਾ ਸ਼ੁਰੂਆਤ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਆਯੋਜਿਤ ਸਮਾਰੋਹ ਦੌਰਾਨ ਇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਰੇਲਵੇ ਅਧਿਕਾਰੀਆਂ ਮੁਤਾਬਕ ਇਸ ਟ੍ਰੇਨ ਦੇ ਮੁੜ ਸੰਚਾਲਨ ਨਾਲ ਪੰਜਾਬ, ਜੰਮੂ-ਕਸ਼ਮੀਰ ਅਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ। ਖਾਸ ਗੱਲ ਇਹ ਹੈ ਕਿ ਇਸ ਵਾਰ ਟ੍ਰੇਨ ਨੂੰ ਨਵੇਂ ਰੂਟ ’ਤੇ ਚਲਾਇਆ ਜਾ ਰਿਹਾ ਹੈ, ਜਿਸ ਨਾਲ ਕਈ ਹੋਰ ਸ਼ਹਿਰਾਂ ਦੇ ਯਾਤਰੀ ਵੀ ਇਸ ਸੇਵਾ ਦਾ ਲਾਭ ਲੈ ਸਕਣਗੇ।
ਨਵੇਂ ਰੂਟ ਅਨੁਸਾਰ ਵੰਦੇ ਭਾਰਤ ਐਕਸਪ੍ਰੈਸ ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ, ਕਟੜਾ ਤੱਕ ਪਹੁੰਚੇਗੀ। ਇਸ ਨਾਲ ਇਨ੍ਹਾਂ ਇਲਾਕਿਆਂ ਦੇ ਯਾਤਰੀਆਂ ਨੂੰ ਸਿੱਧੀ ਅਤੇ ਤੇਜ਼ ਰੇਲ ਸੇਵਾ ਉਪਲਬਧ ਹੋਵੇਗੀ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਜਾਂ ਹੋਰ ਵੱਡੇ ਜੰਕਸ਼ਨਾਂ ਤੱਕ ਜਾਣ ਦੀ ਲੋੜ ਘੱਟ ਪਵੇਗੀ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਮੰਤਰੀ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਰੇਲਵੇ ਢਾਂਚੇ ਦੇ ਆਧੁਨਿਕੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਟ੍ਰੇਨਾਂ ਨੇ ਦੇਸ਼ ਵਿੱਚ ਤੇਜ਼, ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਨੂੰ ਨਵੀਂ ਪਹਿਚਾਣ ਦਿੱਤੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਸੇਵਾ ਦੇ ਮੁੜ ਸ਼ੁਰੂ ਹੋਣ ਨਾਲ ਸੈਰ-ਸਪਾਟੇ, ਧਾਰਮਿਕ ਯਾਤਰਾ ਅਤੇ ਖੇਤਰੀ ਆਰਥਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ।
ਵੰਦੇ ਭਾਰਤ ਐਕਸਪ੍ਰੈਸ ਆਪਣੇ ਆਧੁਨਿਕ ਡਿਜ਼ਾਈਨ, ਉੱਚ ਗਤੀ, ਆਰਾਮਦਾਇਕ ਸੀਟਾਂ ਅਤੇ ਉੱਨਤ ਸੁਰੱਖਿਆ ਪ੍ਰਣਾਲੀਆਂ ਲਈ ਜਾਣੀ ਜਾਂਦੀ ਹੈ। ਯਾਤਰੀਆਂ ਦਾ ਮੰਨਣਾ ਹੈ ਕਿ ਟ੍ਰੇਨ ਦੇ ਦੁਬਾਰਾ ਚੱਲਣ ਨਾਲ ਪੰਜਾਬ ਅਤੇ ਜੰਮੂ-ਕਸ਼ਮੀਰ ਦਰਮਿਆਨ ਸਫ਼ਰ ਹੋਰ ਵੀ ਸੁਵਿਧਾਜਨਕ ਬਣੇਗਾ।
ਰੇਲਵੇ ਵਿਭਾਗ ਨੂੰ ਉਮੀਦ ਹੈ ਕਿ ਨਵੇਂ ਰੂਟ ’ਤੇ ਚਲਣ ਵਾਲੀ ਇਹ ਸੇਵਾ ਯਾਤਰੀਆਂ ਵੱਲੋਂ ਭਰਪੂਰ ਸਵਾਗਤ ਪ੍ਰਾਪਤ ਕਰੇਗੀ ਅਤੇ ਖੇਤਰ ਵਿੱਚ ਰੇਲ ਆਵਾਜਾਈ ਨੂੰ ਨਵਾਂ ਉਤਸ਼ਾਹ ਦੇਵੇਗੀ।












