ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਟੈਲੀਗ੍ਰਾਮ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਰੀ-ਨੀਟ ਪ੍ਰੀਖਿਆ ਦੇ ਕਾਰਨ ਲਿਆ ਗਿਆ ਸੀ। ਟੈਲੀਗ੍ਰਾਮ ਦੇ ਕਈ ਗਰੂਪਾਂ ‘ਤੇ ਪੇਪਰ ਲੀਕ ਹੋਣ ਦੇ ਦੋਸ਼ ਲੱਗੇ ਹਨ। ਹੁਣ ਭਾਰਤ ਵਿੱਚ NEET ਪ੍ਰੀਖਿਆ ਦੁਬਾਰਾ ਹੋਣ ਜਾ ਰਹੀ ਹੈ, ਜਿਸ ਦੇ ਲਈ 21 ਜੂਨ ਦੀ ਡੇਟ ਨਿਰਧਾਰਤ ਕੀਤੀ ਗਈ ਹੈ।
ਨੈਸ਼ਨਲ ਟੈਸਟਿੰਗ ਏਜੰਸੀ (NTA) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਹ ਹੁਕਮ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69A ਦੇ ਤਹਿਤ ਜਾਰੀ ਕੀਤਾ ਗਿਆ ਹੈ। ਇਸ ਹੁਕਮ ਅਧੀਨ ਭਾਰਤ ਵਿੱਚ ਟੈਲੀਗ੍ਰਾਮ ਪਲੇਟਫਾਰਮ ਦੀ ਪਹੁੰਚ ਨੂੰ ਨਿਰਧਾਰਤ ਅਤੇ ਸੀਮਤ ਮਿਆਦ ਲਈ ਰੋਕ ਦਿੱਤਾ ਜਾਵੇਗਾ। ਇਹ ਪਾਬੰਦੀ 22 ਜੂਨ 2026 ਨੂੰ ਖ਼ਤਮ ਹੋ ਜਾਵੇਗੀ।
ਸਾਥ ਹੀ ਪਲੇਟਫਾਰਮ ਨੂੰ ਆਦੇਸ਼ ਦਿੱਤੇ ਗਏ ਹਨ ਕਿ ਭਾਰਤ ਵਿੱਚ ਪਹਿਲਾਂ ਤੋਂ ਪੋਸਟ ਕੀਤੇ ਗਏ ਸੰਦੇਸ਼ਾਂ ‘ਤੇ ਮੈਸੇਜ ਐਡਿਟ ਕਰਨ ਦੀ ਸੁਵਿਧਾ ਨੂੰ ਵੀ ਬੰਦ ਕਰਨ ਲਈ ਕਿਹਾ ਗਿਆ ਹੈ। ਇਹ ਸਮਾਂ 30 ਜੂਨ 2026 ਨੂੰ ਖਤਮ ਹੋਵੇਗਾ। ਕਈ ਵਾਰੀ ਸਬੂਤ ਲਈ ਉਹਨਾਂ ਮੈਸੇਜਾਂ ਦੀ ਲੋੜ ਪੈ ਸਕਦੀ ਹੈ, ਜਿਨ੍ਹਾਂ ਨੂੰ ਐਡਿਟ ਹੋਣ ਤੋਂ ਬਚਾਉਣਾ ਹੈ।
ਟੈਲੀਗ੍ਰਾਮ ਨੂੰ ਹੀ ਕਿਉਂ ਕੀਤਾ ਬੈਨ?
ਪੇਪਰ ਲੀਕ ਮਾਮਲੇ ਵਿੱਚ ਟੈਲੀਗ੍ਰਾਮ ਦਾ ਨਾਮ ਅਕਸਰ ਆਉਂਦਾ ਹੈ। ਟੈਲੀਗ੍ਰਾਮ ਦੀ ਵਰਤੋਂ ਬਹੁਤ ਸਾਰੇ ਲੋਕ ਗੈਰ-ਕਾਨੂੰਨੀ ਚੀਜ਼ਾਂ ਵੇਚਣ ਲਈ ਕਰਦੇ ਹਨ। ਇਸਦੀ ਵਰਤੋਂ ਸਾਈਬਰ ਸਕੈਮਰਾਂ ਦੁਆਰਾ ਵੀ ਕੀਤੀ ਜਾਂਦੀ ਹੈ। ਟੈਲੀਗ੍ਰਾਮ ਦੇ ਅੰਦਰ ਅਜਿਹੇ ਕਈ ਫੀਚਰ ਹਨ, ਜਿਸ ਦੀ ਵਰਤੋਂ ਕਰਕੇ ਧੋਖੇਬਾਜ਼ ਆਸਾਨੀ ਨਾਲ ਬਚ ਜਾਂਦੇ ਹਨ।












