Homeਪੰਜਾਬਨਸ਼ੇ ਦੀ ਲਤ ਖ਼ਿਲਾਫ਼ ਜੰਗ ’ਚ ਅਧਿਆਪਕਾਂ, ਮਾਪਿਆਂ ਤੇ ਸਮਾਜ ਦੀ ਭੂਮਿਕਾ...

ਨਸ਼ੇ ਦੀ ਲਤ ਖ਼ਿਲਾਫ਼ ਜੰਗ ’ਚ ਅਧਿਆਪਕਾਂ, ਮਾਪਿਆਂ ਤੇ ਸਮਾਜ ਦੀ ਭੂਮਿਕਾ ਸਭ ਤੋਂ ਵੱਧ ਮਹੱਤਵਪੂਰਨ: ਡਾ. ਬਲਬੀਰ ਸਿੰਘ

ਚੰਡੀਗੜ੍ਹ : ਭਗਵੰਤ ਮਾਨ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੀ ਸਥਾਈ ਸਫ਼ਲਤਾ ਸਿਰਫ਼ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਖ਼ਿਲਾਫ਼ ਸਖ਼ਤ ਕਾਰਵਾਈ ‘ਤੇ ਹੀ ਨਹੀਂ, ਸਗੋਂ ਰੋਕਥਾਮ, ਸਮੇਂ ਸਿਰ ਪਛਾਣ, ਇਲਾਜ ਅਤੇ ਪਰਿਵਾਰਾਂ ਤੇ ਸਮਾਜ ਵੱਲੋਂ ਸਮੇਂ ਸਿਰ ਸਹਿਯੋਗ ‘ਤੇ ਵੀ ਔਨੀ ਹੀ ਨਿਰਭਰ ਕਰੇਗੀ।

1 ਮਾਰਚ 2025 ਨੂੰ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ਦੀਆਂ ਸਭ ਤੋਂ ਮਹੱਤਵਪੂਰਨ ਨਸ਼ਾ ਵਿਰੋਧੀ ਪਹਿਲਕਦਮੀਆਂ ਵਿੱਚੋਂ ਇੱਕ ਬਣ ਚੁੱਕੀ ਹੈ, ਜਿਸ ਤਹਿਤ ਸਖ਼ਤ ਕਾਰਵਾਈ ਦੇ ਨਾਲ-ਨਾਲ ਨਸ਼ਾ ਮੁਕਤੀ, ਮੁੜ ਵਸੇਬਾ ਅਤੇ ਜਨ-ਜਾਗਰੂਕਤਾ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਰੋਕਥਾਮ ਅਤੇ ਮੁੜ ਵਸੇਬਾ ਯਤਨਾਂ ਤਹਿਤ 1 ਮਾਰਚ 2025 ਤੋਂ ਮਈ 2026 ਤੱਕ ਪੰਜਾਬ ਭਰ ਦੇ ਨਸ਼ਾ ਮੁਕਤੀ ਕੇਂਦਰਾਂ ਅਤੇ ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ (ੳੳਏਟੀ) ਕੇਂਦਰਾਂ ਵਿੱਚ ਨਸ਼ੇ ਤੋਂ ਪ੍ਰਭਾਵਿਤ 90,000 ਤੋਂ ਵੱਧ ਵਿਅਕਤੀਆਂ ਨੂੰ ਦਾਖ਼ਲ ਕਰਕੇ ਇਲਾਜ ਮੁਹੱਈਆ ਕਰਵਾਇਆ ਗਿਆ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਅੰਕੜਾ ਸਖ਼ਤ ਕਾਰਵਾਈ ਦੇ ਨਾਲ-ਨਾਲ ਇਲਾਜ ਅਤੇ ਰਿਕਵਰੀ ‘ਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਧਿਆਨ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਜਾਰੀ ਹੈ; ਪਰ ਅਜਿਹੇ ਸੰਵੇਦਨਸ਼ੀਲ ਵਿਅਕਤੀਆਂ ਜਿਨ੍ਹਾਂ ਵਿੱਚ ਨਸ਼ੇ ਦੀ ਆਦਤ ਵਿਕਸਤ ਹੋਣ ਦਾ ਖ਼ਤਰਾ ਹੁੰਦਾ ਹੈ, ਦੀ ਪਛਾਣ ਕਰਨ ਵਿੱਚ ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੇ ਮੈਂਬਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, “ਨਸ਼ੇ ਦੇ ਆਦਿ ਹੋਣ ਦੇ ਸ਼ੁਰੂਆਤੀ ਸੰਕੇਤ ਅਕਸਰ ਅਣਗੌਲਿਆਂ ਰਹਿ ਜਾਂਦੇ ਹਨ ਅਤੇ ਇਹ ਭਾਵਨਾਤਮਕ, ਵਿਵਹਾਰਕ ਅਤੇ ਸਰੀਰਕ ਤਬਦੀਲੀਆਂ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ।”

ਸ਼ੁਰੂਆਤੀ ਸੰਕੇਤਾਂ ਵਿੱਚ ਅਚਾਨਕ ਮੂਡ ਬਦਲਣਾ, ਚਿੜਚਿੜਾਪਣ, ਪੜ੍ਹਾਈ ਜਾਂ ਕੰਮਕਾਜ ਵਿੱਚ ਧਿਆਨ ਨਾ ਲਗਣਾ, ਪਰਿਵਾਰ ਤੋਂ ਦੂਰੀ ਬਣਾਉਣਾ, ਆਪਣੀਆਂ ਗਤੀਵਿਧੀਆਂ ਬਾਰੇ ਗੁਪਤਤਾ ਰੱਖਣਾ, ਪੈਸਿਆਂ ਦੀ ਵਾਰ-ਵਾਰ ਮੰਗ ਕਰਨਾ, ਨਵੇਂ ਦੋਸਤਾਂ ਦਾ ਸਾਥ ਬਣਨਾ, ਨੀਂਦ ਵਿੱਚ ਗੜਬੜ ਅਤੇ ਖੇਡਾਂ ਜਾਂ ਹੋਰ ਗਤੀਵਿਧੀਆਂ ਵਿੱਚ ਦਿਲਚਸਪੀ ਘਟਣਾ ਸ਼ਾਮਲ ਹੋ ਸਕਦਾ ਹੈ।

ਸਰੀਰਕ ਲੱਛਣਾਂ ਵਿੱਚ ਨਿੱਜੀ ਸਫ਼ਾਈ ਦੀ ਅਣਦੇਖੀ, ਥਕਾਵਟ, ਅੱਖਾਂ ਦਾ ਲਾਲ ਹੋਣਾ, ਬਹੁਤ ਜ਼ਿਆਦਾ ਨੀਂਦ ਆਉਣਾ, ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਅਤੇ ਵਜ਼ਨ ਵਿੱਚ ਬਿਨਾਂ ਕਾਰਨ ਉਤਾਰ-ਚੜ੍ਹਾਅ ਸ਼ਾਮਲ ਹੋ ਸਕਦੇ ਹਨ। ਮੁਹਿੰਮ ਨਾਲ ਜੁੜੇ ਮਾਹਿਰਾਂ ਨੇ ਪਰਿਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੀਆਂ ਵਿਵਹਾਰਕ ਤਬਦੀਲੀਆਂ ਨੂੰ ਅਣਗੌਲਿਆ ਨਾ ਕਰਨ। ਮਾਪਿਆਂ ਨੂੰ ਬਿਨਾਂ ਡਾਂਟ-ਫਟਕਾਰ ਜਾਂ ਦੋਸ਼ ਲਗਾਏ ਬੱਚਿਆਂ ਨਾਲ ਸ਼ਾਂਤ ਅਤੇ ਸਹਿਯੋਗੀ ਢੰਗ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਲੋੜ ਪੈਣ ‘ਤੇ ਮਾਹਿਰਾਂ ਦੀ ਮਦਦ ਲੈਣੀ ਚਾਹੀਦੀ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕੀਤੀ ਗਈ ਕਾਰਵਾਈ ਤੋਂ ਬਾਅਦ ਕਈ ਵਿਅਕਤੀਆਂ ਨੇ ਸਫ਼ਲਤਾਪੂਰਵਕ ਇਲਾਜ ਅਤੇ ਮੁੜ ਵਸੇਬਾ ਦੀ ਸਹੂਲਤ ਪ੍ਰਾਪਤ ਕੀਤੀ ਹੈ ਅਤੇ ਹੁਣ ਸਿਹਤਮੰਦ ਜੀਵਨ ਬਤੀਤ ਕਰ ਰਹੇ ਹਨ।

ਅੰਮ੍ਰਿਤਸਰ ਦੇ ਮਨਪ੍ਰੀਤ ਸਿੰਘ (ਬਦਲਿਆ ਹੋਇਆ ਨਾਮ), ਜੋ ਨਸ਼ੇ ਦੀ ਲਤ ਤੋਂ ਉੱਭਰ ਚੁੱਕੇ ਹਨ, ਨੇ ਕਿਹਾ, “ਇੱਕ ਸਮਾਂ ਅਜਿਹਾ ਸੀ ਜਦੋਂ ਮੈਂ ਆਪਣੇ ਆਪ ਤੋਂ ਉਮੀਦ ਛੱਡ ਦਿੱਤੀ ਸੀ। ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਕੇਂਦਰ ਨੇ ਮੈਨੂੰ ਜ਼ਿੰਦਗੀ ਦੀ ਨਵੀਂ ਦਿਸ਼ਾ ਦਿੱਤੀ। ਇੱਥੋਂ ਦੇ ਸਟਾਫ਼ ਨੇ ਮੇਰਾ ਸਤਿਕਾਰ ਅਤੇ ਪੂਰੀ ਦੇਖਭਾਲ ਨਾਲ ਇਲਾਜ ਕੀਤਾ। ਅੱਜ ਮੈਂ ਨਸ਼ਿਆਂ ਤੋਂ ਮੁਕਤ ਹਾਂ ਅਤੇ ਬਿਹਤਰ ਭਵਿੱਖ ਵੱਲ ਵਧ ਰਿਹਾ ਹਾਂ। ਮੇਰਾ ਸੰਦੇਸ਼ ਸਿਰਫ਼ ਇਹ ਹੈ ਕਿ ਜੇਕਰ ਤੁਸੀਂ ਪਹਿਲਾ ਕਦਮ ਚੁੱਕਣ ਦਾ ਹੌਸਲਾ ਕਰੋ ਤਾਂ ਨਸ਼ੇ ਤੋਂ ਮੁਕਤੀ ਸੰਭਵ ਹੈ।”

ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਨਿਵਾਸੀ ਖੁਸ਼ਬਾਜ਼ ਸਿੰਘ (ਬਦਲਿਆ ਹੋਇਆ ਨਾਮ), ਜੋ ਇਸ ਸਮੇਂ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਦਾਖ਼ਲ ਹਨ, ਨੇ ਕਿਹਾ, “ਇਲਾਜ ਅਤੇ ਕਾਊਂਸਲਿੰਗ ਨੇ ਮੈਨੂੰ ਨਸ਼ੇ ਦੀ ਲਤ ਤੋਂ ਬਾਹਰ ਨਿਕਲਣ ਅਤੇ ਆਮ ਜ਼ਿੰਦਗੀ ਵਿੱਚ ਵਾਪਸੀ ਕਰਨ ਵਿੱਚ ਮਦਦ ਕੀਤੀ। ਅੱਜ ਮੇਰਾ ਧਿਆਨ ਆਪਣੇ ਪਰਿਵਾਰ, ਕੰਮ ਅਤੇ ਸਿਹਤਮੰਦ ਭਵਿੱਖ ‘ਤੇ ਹੈ। ਇੱਥੋਂ ਦਾ ਸਟਾਫ਼ ਬਹੁਤ ਸਹਿਯੋਗੀ ਹੈ।”

ਮਾਪਿਆਂ ਲਈ ਦਿਸ਼ਾ-ਨਿਰਦੇਸ਼:

  • ਬੱਚਿਆਂ, ਖ਼ਾਸ ਕਰਕੇ ਨੌਜਵਾਨਾਂ, ਨਾਲ ਵੱਧ ਤੋਂ ਵੱਧ ਸਮਾਂ ਬਿਤਾਓ।
  • ਉਨ੍ਹਾਂ ਨਾਲ ਖੁੱਲ੍ਹਾ ਅਤੇ ਦੋਸਤਾਨਾ ਸੰਵਾਦ ਬਣਾਈ ਰੱਖੋ।
  • ਉਨ੍ਹਾਂ ਦੇ ਦੋਸਤਾਂ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਰੱਖੋ।
  • ਵਿਵਹਾਰ, ਭਾਵਨਾਤਮਕ ਹਾਲਤ ਅਤੇ ਆਰਥਿਕ ਲੋੜਾਂ ਵਿੱਚ ਆਉਣ ਵਾਲੀਆਂ ਤਬਦੀਲੀਆਂ ‘ਤੇ ਨਜ਼ਰ ਰੱਖੋ।
  • ਉਨ੍ਹਾਂ ਨੂੰ ਖੇਡਾਂ, ਸੱਭਿਆਚਾਰਕ ਅਤੇ ਭਾਈਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰੋ।
  • ਕਿਸੇ ਵੀ ਸਮੱਸਿਆ ਦੇ ਸ਼ੁਰੂਆਤੀ ਸੰਕੇਤ ਮਿਲਣ ‘ਤੇ ਕਾਊਂਸਲਿੰਗ ਜਾਂ ਡਾਕਟਰੀ ਸਹਾਇਤਾ ਲਵੋ।

ਭਗਵੰਤ ਮਾਨ ਸਰਕਾਰ ਦਾ ਮੰਨਣਾ ਹੈ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਦੇ ਤਿੰਨ ਮੁੱਖ ਥੰਮ੍ਹ ਹਨ—ਨਸ਼ਾ ਮੁਕਤੀ, ਮੁੜ ਵਸੇਬਾ ਅਤੇ ਕਾਊਂਸਲਿੰਗ। ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰਾਹੀਂ ਸਰਕਾਰ ਨਸ਼ੀਲੇ ਪਦਾਰਥਾਂ ਦੀ ਸਪਲਾਈ ‘ਤੇ ਰੋਕ ਲਗਾਉਣ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ ਅਤੇ ਪ੍ਰਭਾਵਿਤ ਵਿਅਕਤੀਆਂ ਦੀ ਰਿਕਵਰੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।

ਸਰਕਾਰ ਦਾ ਜ਼ੋਰ ਇਸ ਗੱਲ ‘ਤੇ ਹੈ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਸਖ਼ਤ ਕਾਰਵਾਈ ਤੱਕ ਸੀਮਤ ਨਾ ਹੋਵੇ। ਪਰਿਵਾਰਾਂ, ਵਿੱਦਿਅਕ ਸੰਸਥਾਵਾਂ, ਸਿਹਤ ਮਾਹਿਰਾਂ ਅਤੇ ਸਮਾਜ ਨੂੰ ਮਿਲ ਕੇ ਸ਼ੁਰੂਆਤੀ ਚੇਤਾਵਨੀ ਸੰਕੇਤਾਂ ਦੀ ਪਛਾਣ ਕਰਨੀ ਹੋਵੇਗੀ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ, ਮੁੜ ਵਸੇਬਾ ਅਤੇ ਰਿਕਵਰੀ ਦੀ ਦਿਸ਼ਾ ਵਿੱਚ ਸਹਿਯੋਗ ਦੇਣਾ ਹੋਵੇਗਾ। ਮੁਹਿੰਮ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਰੋਕਥਾਮ, ਇਲਾਜ ਤੇ ਮੁੜ ਵਸੇਬਾ ਦੇ ਯਤਨ ਵੀ ਜਾਰੀ ਰਹਿਣੇ ਚਾਹੀਦੇ ਹਨ ਤਾਂ ਹੀ ਪੰਜਾਬ ਨੂੰ ਨਸ਼ਿਆਂ ਦੀ ਲਾਹਣਤ ਤੋਂ ਸਥਾਈ ਤੌਰ ‘ਤੇ ਮੁਕਤ ਕੀਤਾ ਜਾ ਸਕੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments