ਸਪੋਰਟਸ ਡੈਸਕ : ਭਾਰਤ ਦੀ ਪਹਿਲੀ ਅੰਤਰਰਾਸ਼ਟਰੀ ਪੈਡਲ ਟੀਮ (India’s First International Paddle team) ਏਸ਼ੀਆ ਪੈਸੀਫਿਕ ਪੈਡਲ ਕੱਪ ਦੇ ਪਹਿਲੇ ਐਡੀਸ਼ਨ ‘ਚ ਤੀਜੇ ਸਥਾਨ ‘ਤੇ ਰਹੀ। ਇੰਡੀਅਨ ਪੈਡਲ ਅਕੈਡਮੀ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ। ਇਹ ਟੂਰਨਾਮੈਂਟ 19 ਤੋਂ 22 ਸਤੰਬਰ ਤੱਕ ਇੰਡੋਨੇਸ਼ੀਆ ਦੇ ਬਾਲੀ ਵਿੱਚ ਖੇਡਿਆ ਗਿਆ ਸੀ।
ਇੰਡੀਅਨ ਪੈਡਲ ਅਕੈਡਮੀ ਵੱਲੋਂ ਚੁਣੀ ਗਈ ਭਾਰਤੀ ਟੀਮ ਨੇ ਕਾਂਸੀ ਦੇ ਤਗਮੇ ਲਈ ਮਲੇਸ਼ੀਆ ਨੂੰ 3-0 ਨਾਲ ਹਰਾਿੲਆ। ਭਾਰਤੀ ਟੀਮ ਛੇ ਦੇਸ਼ਾਂ ਦੇ ਮੁਕਾਬਲੇ ਵਿੱਚ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਤੋਂ ਬਾਅਦ ਤੀਜੇ ਸਥਾਨ ‘ਤੇ ਰਹੀ। ਦੂਜੇ ਭਾਗ ਲੈਣ ਵਾਲੇ ਦੇਸ਼ ਚੀਨ ਅਤੇ ਸਿੰਗਾਪੁਰ ਸਨ। ਪੈਡਲ, ਜਿਸ ਨੂੰ ਪੈਡਲ ਟੈਨਿਸ ਵੀ ਕਿਹਾ ਜਾਂਦਾ ਹੈ।
ਇਹ ਮੈਕਸੀਕਨ ਮੂਲ ਦੀ ਇੱਕ ਰੈਕੇਟ ਗੇਮ ਹੈ ਅਤੇ ਸਕੁਐਸ਼ ਵਰਗੇ ਬੰਦ ਕੋਰਟ ‘ਚ ਖੇਡੀ ਜਾਂਦੀ ਹੈ, ਜੋ ਕਿ ਡਬਲਜ਼ ਟੈਨਿਸ ਕੋਰਟ ਤੋਂ ਥੋੜ੍ਹਾ ਛੋਟਾ ਹੁੰਦਾ ਹੈ। ਭਾਰਤੀ ਟੀਮ ਨੇ ਕਰਨਾਟਕ ਦੇ ਬਲਾਰੀ ਜ਼ਿਲ੍ਹੇ ਦੇ ਤੋਰਨਾਗੱਲੂ ਪਿੰਡ ਨੇੜੇ ਵਿਜੇਨਗਰ ਵਿੱਚ ਜੇ.ਐਸ.ਡਬਲਯੂ ਇੰਸਪਾਇਰ ਇੰਸਟੀਚਿਊਟ ਵਿੱਚ ਸਪੈਨਿਸ਼ ਮੁੱਖ ਕੋਚ ਵਿਕਟਰ ਪੇਰੇਜ਼ ਦੀ ਅਗਵਾਈ ਵਿੱਚ ਚਾਰ ਦਿਨਾਂ ਦਾ ਕੈਂਪ ਲਗਾਇਆ।
ਕੋਚ ਇਮਰਾਨ ਯੂਸਫ ਅਤੇ ਮੈਨੇਜਰ ਰਿਤਿਕ ਸਿਨਹਾ ਦੇ ਨਾਲ ਭਾਰਤੀ ਟੀਮ ਨੇ ਦੇਸ਼ ਨੂੰ ਅੰਤਰਰਾਸ਼ਟਰੀ ਪੈਡਲ ਮੈਪ ‘ਤੇ ਪਾ ਦਿੱਤਾ ਹੈ। ਭਾਰਤ ਲਈ ਸਾਰੇ ਮੈਚਾਂ ‘ਚ ਓਪਨਿੰਗ ਕਰਨ ਵਾਲੇ ਆਰੀਅਨ ਅਤੇ ਰਾਹੁਲ ਨੇ ਮਲੇਸ਼ੀਆ ਖ਼ਿਲਾਫ਼ ਕਾਂਸੀ ਤਮਗਾ ਮੈਚ ‘ਚ ਜ਼ਬਰਦਸਤ ਸ਼ੁਰੂਆਤ ਕੀਤੀ ਅਤੇ 4-6, 6-4, 7-5 ਨਾਲ ਜਿੱਤ ਦਰਜ ਕੀਤੀ।
ਤੁਲਸੀ ਮਹਿਤਾ ਅਤੇ ਵੈਭਵੀ ਦੇਸ਼ਮੁਖ ਨੇ ਇਹ ਮੈਚ 6-2, 7-6 (1) ਨਾਲ ਜਿੱਤ ਕੇ ਭਾਰਤ ਲਈ ਸਕੋਰ 2-0 ਕਰ ਦਿੱਤਾ, ਜਦਕਿ ਜੇਨਾਈ ਬਿਲੀਮੋਰੀਆ ਅਤੇ ਜੋਹਾਨ ਫਰਨਾਂਡਿਸ ਦੀ ਦੂਜੀ ਜੋੜੀ ਨੇ ਇਹ ਮੈਚ 6-0, 6-1 ਨਾਲ ਆਸਾਨੀ ਨਾਲ ਜਿੱਤ ਲਿਆ।