ਉੱਤਰਕਾਸ਼ੀ : ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਬੀਤੀ ਰਾਤ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਗੰਗੋਤਰੀ ਰਾਸ਼ਟਰੀ ਰਾਜਮਾਰਗ ‘ਤੇ ਗੰਗਾਨੀ ਦੇ ਨੇੜੇ ਪੰਜਾਬ ਨੰਬਰ ਪਲੇਟ ਵਾਲੀ ਇੱਕ ਕਾਰ ਬੇਕਾਬੂ ਹੋ ਕੇ ਲਗਭਗ 250 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਔਰਤ ਸਮੇਤ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।
ਇਹ ਘਟਨਾ ਰਾਤ 8:08 ਵਜੇ ਦੇ ਆਲੇ-ਦੁਆਲੇ ਦੀ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਕਾਰ ਨੂੰ ਖਾਈ ਵਿੱਚ ਡਿੱਗਦੇ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਪੁਲਿਸ, ਐਸਡੀਆਰਐਫ ਅਤੇ ਰਾਹਤ ਏਜੰਸੀਆਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਬਚਾਅ ਕਰਮਚਾਰੀ ਰੱਸੀਆਂ ਦੀ ਵਰਤੋਂ ਕਰਕੇ ਖਾਈ ਵਿੱਚ ਉਤਰੇ
ਖਾਈ ਕਾਫੀ ਡੂੰਘੀ ਹੋਣ ਦੇ ਕਾਰਨ, ਬਚਾਅ ਕਰਮਚਾਰੀਆਂ ਨੂੰ ਜ਼ਖਮੀਆਂ ਅਤੇ ਮ੍ਰਿਤਕਾਂ ਤੱਕ ਪਹੁੰਚਣ ਦੇ ਲਈ ਰੱਸੀਆਂ ਦੀ ਵਰਤੋਂ ਕਰਨੀ ਪਈ। ਬਚਾਅ ਕਾਰਜ ਦੌਰਾਨ ਤਿੰਨ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਸਨ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਸਾਰੇ ਪੀੜਤਾਂ ਨੂੰ ਖਾਈ ਵਿੱਚੋਂ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਉੱਤਰਕਾਸ਼ੀ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਜਾਣਕਾਰੀ ਦੇ ਅਨੁਸਾਰ, ਕਾਰ (PB 01F 1733) ਵਿੱਚ ਕੁੱਲ ਪੰਜ ਲੋਕ ਸਵਾਰ ਸਨ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਵਿੱਚੋਂ ਇੱਕ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ, ਜਿਸਨੂੰ ਸਿਹਤ ਵਿਭਾਗ ਅਤੇ ਪੁਲਿਸ ਟੀਮ ਨੇ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ।
ਫਿਲਹਾਲ ਪ੍ਰਸ਼ਾਸਨ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਹੁਣ ਤੱਕ ਇਹ ਅਜੇ ਸਪੱਸ਼ਟ ਨਹੀਂ ਹੋ ਸਕੀਆਂ ਕਿ ਹਾਦਸਾ ਤੇਜ਼ ਰਫ਼ਤਾਰ, ਡਰਾਈਵਰ ਦੀ ਲਾਪਰਵਾਹੀ ਜਾਂ ਕਿਸੇ ਹੋਰ ਕਾਰਨ ਕਰਕੇ ਹੋਇਆ ਹੈ। ਹਾਦਸੇ ਦਾ ਅਸਲ ਕਾਰਨ ਜਾਂਚ ਰਿਪੋਰਟ ਜਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।












