ਪਟਿਆਲਾ: ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਵੱਡਾ ਸਿਆਸੀ ਘਟਨਾਕ੍ਰਮ ਸਾਹਮਣੇ ਆ ਰਿਹਾ ਹੈ। ਸਾਬਕਾ ਕੈਬਨਿਟ ਮੰਤਰੀ ਅਤੇ ਸਮਾਣਾ ਹਲਕੇ ਦੇ ਪ੍ਰਭਾਵਸ਼ਾਲੀ ਆਗੂ ਸੁਰਜੀਤ ਸਿੰਘ ਰੱਖੜਾ 16 ਮਈ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਹ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਵੇਗੀ, ਜਿਸਨੂੰ ਮਾਲਵਾ ਖੇਤਰ ਦੀ ਸਿਆਸਤ ਲਈ ਇੱਕ ਅਹਿਮ ਮੋੜ ਵਜੋਂ ਦੇਖਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਕਰਤਾਰ ਵਿਲਾ, ਰੱਖੜਾ ਵਿਖੇ ਪਹੁੰਚਣਗੇ ਅਤੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ। ਇਸ ਮੌਕੇ ਵੱਡੇ ਪੱਧਰ ‘ਤੇ ਰਾਜਨੀਤਿਕ ਇਕੱਠ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸੁਰਜੀਤ ਸਿੰਘ ਰੱਖੜਾ ਦੇ ਹਜ਼ਾਰਾਂ ਸਮਰਥਕ ਵੀ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ।
ਸੁਰਜੀਤ ਸਿੰਘ ਰੱਖੜਾ ਪੰਜਾਬ ਦੀ ਸਿਆਸਤ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹਨ। ਉਹ ਪਹਿਲਾਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਸਮਾਣਾ ਹਲਕੇ ਵਿੱਚ ਉਨ੍ਹਾਂ ਦਾ ਕਾਫ਼ੀ ਮਜ਼ਬੂਤ ਜਨਾਧਾਰ ਮੰਨਿਆ ਜਾਂਦਾ ਹੈ। ਰੱਖੜਾ ਦੀ ਪਾਰਟੀ ਬਦਲੀ ਨਾਲ ਮਾਲਵਾ ਖੇਤਰ ਦੀ ਸਿਆਸੀ ਸਮੀਕਰਨਾਂ ‘ਤੇ ਵੀ ਵੱਡਾ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰੱਖੜਾ ਦੀ ‘ਆਪ’ ਵਿੱਚ ਐਂਟਰੀ ਪਾਰਟੀ ਨੂੰ ਪਿੰਡਾਂ ਅਤੇ ਰਵਾਇਤੀ ਵੋਟ ਬੈਂਕ ਵਿੱਚ ਹੋਰ ਮਜ਼ਬੂਤੀ ਦੇ ਸਕਦੀ ਹੈ। ਇਸ ਨਾਲ ਵਿਰੋਧੀ ਪਾਰਟੀਆਂ ਲਈ ਵੀ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਖ਼ਾਸ ਕਰਕੇ ਮਾਲਵਾ ਖੇਤਰ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਿਆਸੀ ਤਬਦੀਲੀ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਵੀ ਇਸ ਸ਼ਮੂਲੀਅਤ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਵਰਕਰਾਂ ਦਾ ਮੰਨਣਾ ਹੈ ਕਿ ਸੁਰਜੀਤ ਸਿੰਘ ਰੱਖੜਾ ਵਰਗੇ ਤਜਰਬੇਕਾਰ ਆਗੂ ਦੇ ਸ਼ਾਮਲ ਹੋਣ ਨਾਲ ਪਾਰਟੀ ਦੀ ਸੰਗਠਨਾਤਮਕ ਤਾਕਤ ਹੋਰ ਵਧੇਗੀ।











