ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET UG 2026 ਦੀ ਪ੍ਰੀਖਿਆ ਰੱਦ ਕਰਨ ਤੋਂ ਬਾਅਦ ਹੁਣ ਦੁਬਾਰਾ ਪੇਪਰ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆ 21 ਜੂਨ ਨੂੰ ਕਰਵਾਈ ਜਾਵੇਗੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਰਾਹੀਂ ਜਾਣਕਾਰੀ ਦਿੰਦੇ ਹੋਏ ਏਜੰਸੀ ਨੇ ਲਿਖਿਆ ਕਿ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ NEET (UG) 2026 ਦੀ ਦੁਬਾਰਾ ਪ੍ਰੀਖਿਆ ਕਰਵਾਉਣ ਦੇ ਲਈ ਤਰੀਖਿਆਂ ਦਾ ਐਲਾਨ ਕਰ ਰਹੀ ਹੈ। ਪ੍ਰੀਖਿਆ 21 ਜੂਨ, 2026 ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਮੀਦਵਾਰਾਂ ਅਤੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਿਰਫ਼ NTA ਦੀ ਅਧਿਕਾਰਤ ਵੈੱਬਸਾਈਟ ‘ਤੇ ਭਰੋਸਾ ਕਰਨ।”
ਨਵੀਂ ਤਾਰੀਖ ਅਤੇ ਸਮਾਂ
ਮੈਡੀਕਲ ਦੀ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਵੱਡੀ ਖ਼ਬਰ ਆਈ ਹੈ। NTA ਵੱਲੋਂ ਜਾਰੀ ਅਧਿਕਾਰਤ ਸੂਤਰਾਂ ਅਨੁਸਾਰ, ਪੂਰੇ ਦੇਸ਼ ਵਿੱਚ 21 ਜੂਨ ਨੂੰ ਪ੍ਰੀਖਿਆ ਦਾ ਆਯੋਜਨ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੁਣ ਆਪਣੀ ਤਿਆਰੀ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦੇਣ।
ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਸਲਾਹ
ਪੋਸਟ ਵਿੱਚ, NTA ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇੱਕ ਵਿਸ਼ੇਸ਼ ਅਪੀਲ ਵੀ ਕੀਤੀ ਹੈ। ਏਜੰਸੀ ਨੇ ਪ੍ਰੀਖਿਆ ਸੰਬੰਧੀ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਖ਼ਬਰਾਂ ਵੱਲ ਧਿਆਨ ਨਾ ਦੇਣ ਦੀ ਸਲਾਹ ਦਿੱਤੀ। ਸਿਰਫ਼ ਅਧਿਕਾਰਤ ਵੈੱਬਸਾਈਟਾਂ ਅਤੇ ਚੈਨਲਾਂ ‘ਤੇ ਦਿੱਤੀ ਗਈ ਜਾਣਕਾਰੀ ‘ਤੇ ਹੀ ਭਰੋਸਾ ਕਰੋ। ਕਿਸੇ ਵੀ ਅਣਅਧਿਕਾਰਤ ਲਿੰਕ ਜਾਂ ਸੁਨੇਹੇ ਰਾਹੀਂ ਸਾਂਝੀ ਕੀਤੀ ਗਈ ਕਿਸੇ ਵੀ ਜਾਣਕਾਰੀ ‘ਤੇ ਵਿਸ਼ਵਾਸ ਨਾ ਕਰੋ।
ਲੈ ਸਕਦੇ ਹਨ ਹੈਲਪਲਾਈਨ ਨੰਬਰ ਦੀ ਮਦਦ
ਜੇਕਰ ਕਿਸੇ ਵੀ ਵਿਦਿਆਰਥੀ ਨੂੰ ਆਪਣੀ ਪ੍ਰੀਖਿਆ, ਕੇਂਦਰ ਜਾਂ ਐਡਮਿਟ ਕਾਰਡ ਨਾਲ ਸੰਬੰਧੀ ਕੋਈ ਵੀ ਪਰੇਸ਼ਾਨੀ ਹੈ ਤਾਂ ਉਹ ਦਿੱਤੇ ਗਏ ਅਧਿਕਾਰਤ ਈਮੇਲ ਪਤੇ ਅਤੇ ਫ਼ੋਨ ਨੰਬਰ ਰਾਹੀਂ ਸਿੱਧੇ NTA ਨਾਲ ਸੰਪਰਕ ਕਰ ਸਕਦੇ ਹਨ। ਈਮੇਲ ਆਈਡੀ ਅਤੇ ਹੈਲਪਲਾਈਨ ਨੰਬਰ ਵੀ ਦਿੱਤੇ ਗਏ ਹਨ।
ਈਮੇਲ: neet-ug@nta.ac.in
ਹੈਲਪਲਾਈਨ ਨੰਬਰ: 011-40759000 ਅਤੇ 011-69227700
ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ 22 ਲੱਖ ਤੋਂ ਵੱਧ ਵਿਦਿਆਰਥੀ
ਦੱਸ ਦਈਏ ਕਿ ਇਹ ਪ੍ਰੀਖਿਆ, ਜੋ ਕਿ 3 ਮਈ ਨੂੰ ਹੋਈ ਸੀ ਅਤੇ ਜਿਸ ਵਿੱਚ ਲਗਭਗ 22.79 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਨੈਸ਼ਨਲ ਟੈਸਟਿੰਗ ਏਜੰਸੀ ਨੇ ਪੇਪਰ ਲੀਕ ਦੇ ਦੋਸ਼ਾਂ ਕਾਰਨ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਸੀ। ਨਵੀਂ ਪ੍ਰੀਖਿਆ ਮਿਤੀ ਦੇ ਨਾਲ, ਵਿਦਿਆਰਥੀਆਂ ਨੂੰ ਰਾਹਤ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਪ੍ਰੀਖਿਆ ਲਈ ਦੁਬਾਰਾ ਅਰਜ਼ੀ ਨਹੀਂ ਦੇਣੀ ਪਵੇਗੀ। ਕੋਈ ਵਾਧੂ ਪ੍ਰੀਖਿਆ ਫੀਸ ਦੀ ਲੋੜ ਨਹੀਂ ਹੋਵੇਗੀ। ਪਹਿਲਾਂ ਤੋਂ ਜਮਾ ਫੀਸ ਵਾਪਸ ਮਿਲੇਗੀ।











