ਮੁੰਬਈ: ਭਾਰਤੀ ਕ੍ਰਿਕਟ ਟੀਮ ਅਤੇ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਹਨ। ਇਸ ਵਾਰ ਕਾਰਨ ਉਨ੍ਹਾਂ ਦੀ ਗੇਂਦਬਾਜ਼ੀ ਨਹੀਂ, ਸਗੋਂ ਸੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਮਸਤੀ ਅਤੇ ਬਲੌਗਿੰਗ ਹੈ। ਸੂਤਰਾਂ ਅਨੁਸਾਰ ਬੀ.ਸੀ.ਸੀ.ਆਈ. ਨੇ ਅਰਸ਼ਦੀਪ ਸਿੰਘ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਤੁਰੰਤ ਆਪਣੀ ਬਲੌਗਿੰਗ ਅਤੇ ਟੀਮ ਦੇ ਅੰਦਰੂਨੀ ਪਲਾਂ ਨੂੰ ਜਨਤਕ ਕਰਨਾ ਬੰਦ ਕਰਨ।
ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਅਰਸ਼ਦੀਪ ਸਿੰਘ ਅਕਸਰ ਟੀਮ ਸਾਥੀਆਂ ਨਾਲ ਮਸਤੀ ਭਰੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹੇ ਹਨ। ਉਨ੍ਹਾਂ ਦੀਆਂ ਇਹ ਵੀਡੀਓਜ਼ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ, ਪਰ ਬੀ.ਸੀ.ਸੀ.ਆਈ. ਦੇ ਕੁਝ ਅਧਿਕਾਰੀਆਂ ਨੂੰ ਇਹ ਗੱਲ ਨਾਗਵਾਰ ਗੁਜ਼ਰੀ ਹੈ। ਬੋਰਡ ਦਾ ਮੰਨਣਾ ਹੈ ਕਿ ਟੀਮ ਦੇ ਡ੍ਰੈੱਸਿੰਗ ਰੂਮ ਜਾਂ ਅੰਦਰੂਨੀ ਮਾਹੌਲ ਨਾਲ ਜੁੜੀ ਸਮੱਗਰੀ ਜਨਤਕ ਕਰਨ ਨਾਲ ਪੇਸ਼ੇਵਰ ਅਨੁਸ਼ਾਸਨ ਪ੍ਰਭਾਵਿਤ ਹੋ ਸਕਦਾ ਹੈ।
ਸੂਤਰਾਂ ਮੁਤਾਬਕ, ਬੀ.ਸੀ.ਸੀ.ਆਈ. ਨੇ ਅਰਸ਼ਦੀਪ ਨੂੰ ਇਹ ਵੀ ਸਮਝਾਇਆ ਹੈ ਕਿ ਖਿਡਾਰੀਆਂ ਨੂੰ ਮੈਦਾਨ ਤੋਂ ਬਾਹਰ ਵੀ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਬੋਰਡ ਨਹੀਂ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਅਜਿਹੀ ਸਮੱਗਰੀ ਸਾਹਮਣੇ ਆਵੇ ਜਿਸ ਨਾਲ ਟੀਮ ਦੀ ਰਣਨੀਤੀ ਜਾਂ ਖਿਡਾਰੀਆਂ ਦੀ ਨਿੱਜਤਾ ‘ਤੇ ਅਸਰ ਪਵੇ।











