ਲੁਧਿਆਣਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਖ਼ਿਲਾਫ਼ ਮਾਨਹਾਨੀ ਦਾ ਕੇਸ ਕਰਨ ਦੀ ਚਿਤਾਵਨੀ ਦੇਣ ਸਬੰਧੀ ਕਾਂਗਰਸੀ ਐੱਮ. ਪੀ. ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਹੈ। ਇਸ ਮਾਮਲੇ ’ਚ ਸੁਖਬੀਰ ਦਾ ਦੋਸ਼ ਹੈ ਕਿ ਸੀ. ਐੱਮ. ਮਾਨ ਵੱਲੋਂ ਲੁਧਿਆਣਾ ’ਚ ਰੱਖੀ ਗਈ ਡਿਬੇਟ ਦੌਰਾਨ ਬੇਅਦਬੀ ਦੇ ਮੁੱਦੇ ’ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਗਲਤ ਦੋਸ਼ ਲਾਏ ਸਨ, ਜਿਸ ਸਬੰਧੀ ਮੁਆਫ਼ੀ ਮੰਗਣ ਲਈ ਭੇਜੇ ਗਏ ਲੀਗਲ ਨੋਟਿਸ ਦਾ ਸੀ. ਐੱਮ. ਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਸੁਖਬੀਰ ਨੇ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ।
ਇਸ ਚਿਤਾਵਨੀ ਤੋਂ ਬਾਅਦ ਜਿੱਥੇ ਸੀ. ਐੱਮ. ਮਾਨ ਨੇ ਸੁਖਬੀਰ ’ਤੇ ਜੰਮ ਕੇ ਭੜਾਸ ਕੱਢੀ ਹੈ, ਉੱਥੇ ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਵੀ ਸੀ. ਐੱਮ. ਮਾਨ ਦੇ ਹੱਕ ’ਚ ਖੜ੍ਹੇ ਨਜ਼ਰ ਆ ਰਹੇ ਹਨ। ਬਿੱਟੂ ਨੇ ਕਿਹਾ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸ ਨੇ ਕਰਵਾਈ ਹੈ। ਇਸ ਲਈ ਸੁਖਬੀਰ ਕਿੰਨੇ ਪੰਜਾਬੀਆਂ ’ਤੇ ਮਾਣਹਾਨੀ ਦੇ ਕੇਸ ਕਰਨਗੇ।
ਬਿੱਟੂ ਨੇ ਕਿਹਾ ਕਿ ਬਾਦਲਾਂ ਦੇ ਕਰੀਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਸਬੰਧੀ ਪੋਸਟਰ ਲਗਾਏ ਸਨ ਪਰ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ, ਸਗੋਂ ਬੇਅਦਬੀ ਦਾ ਵਿਰੋਧ ਕਰਦੇ ਹੋਏ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਨਿਹੱਥੇ ਲੋਕਾਂ ’ਤੇ ਅਕਾਲੀ ਸਰਕਾਰ ਦੌਰਾਨ ਗੋਲੀਆਂ ਚਲਾਈਆਂ ਗਈਆਂ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਅਤੇ ਸੁਖਬੀਰ ਆਪਣੀ ਸਿਆਸੀ ਜ਼ਮੀਨ ਗੁਆ ਚੁੱਕੇ ਹਨ ਅਤੇ ਲੋਕਾਂ ’ਚ ਜਾਣ ਲਈ ਆਏ ਦਿਨ ਕੋਈ ਨਵਾਂ ਹਥਕੰਡਾ ਅਪਣਾ ਰਹੇ ਹਨ।