ਅਫਗਾਨਿਸਤਾਨ: ਅਫਗਾਨਿਸਤਾਨ (Afghanistan) ਦੀ ਰਾਜਧਾਨੀ ਕਾਬੁਲ (Kabul) ਫਿਰ ਬੰਬ ਧਮਾਕੇ ਨਾਲ ਕੰਬ ਗਈ। ਪੁਲਿਸ ਬੁਲਾਰੇ ਖਾਲਿਦ ਜ਼ਦਰਾਨ ਮੁਤਾਬਕ ਕਾਬੁਲ ਦੇ ਪੱਛਮੀ ਇਲਾਕੇ ਦਸ਼ਤੀ ਬਰਚੀ ‘ਚ ਦੇਰ ਰਾਤ ਇਕ ਮਿੰਨੀ ਬੱਸ ‘ਚ ਹੋਏ ਧਮਾਕੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ISIS) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਧਮਾਕੇ ਤੋਂ ਤੁਰੰਤ ਬਾਅਦ ਜਾਰੀ ਇਕ ਬਿਆਨ ਵਿਚ ਸੁੰਨੀ ਅੱਤਵਾਦੀ ਸੰਗਠਨ ਨੇ ਕਿਹਾ ਕਿ ਉਸ ਦੇ ਮੈਂਬਰਾਂ ਨੇ ਸ਼ੀਆ ਮੁਸਲਮਾਨਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਵਿਚ ਵਿਸਫੋਟਕ ਯੰਤਰ ਨਾਲ ਧਮਾਕਾ ਕੀਤਾ।
ਸ਼ੀਆ ਮੁਸਲਮਾਨਾਂ ਨੂੰ ਆਈ.ਐਸ ਗ਼ੈਰ-ਮੁਸਲਿਮ ਮੰਨਦਾ ਹੈ। ਕਾਬੁਲ ਦੇ ਦਸ਼ਤੀ ਬਰਚੀ ਇਲਾਕੇ ਨੂੰ ਵਾਰ-ਵਾਰ ਆਈਐਸ ਨਾਲ ਸਬੰਧਤ ਸੰਗਠਨਾਂ ਨੇ ਨਿਸ਼ਾਨਾ ਬਣਾਇਆ ਹੈ। ਅੱਤਵਾਦੀ ਸੰਗਠਨ ਨੇ ਸਕੂਲਾਂ, ਹਸਪਤਾਲਾਂ ਅਤੇ ਮਸਜਿਦਾਂ ‘ਤੇ ਕਈ ਹਮਲੇ ਕੀਤੇ ਹਨ ਅਤੇ ਦੇਸ਼ ਭਰ ਦੇ ਹੋਰ ਸ਼ੀਆ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ‘ਚ ਕਾਬੁਲ ਦੇ ਇਸੇ ਇਲਾਕੇ ‘ਚ ਇਕ ਬੱਸ ‘ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਆਈਐੱਸ ਨੇ ਲਈ ਸੀ, ਜਿਸ ‘ਚ 7 ਲੋਕ ਮਾਰੇ ਗਏ ਸਨ ਅਤੇ 20 ਹੋਰ ਜ਼ਖਮੀ ਹੋ ਗਏ ਸਨ। ਤਾਲਿਬਾਨ ਦੇ ਰੱਖਿਆ ਮੰਤਰੀ ਮੁਹੰਮਦ ਯਾਕੂਬ ਮੁਜਾਹਿਦ ਨੇ 31 ਦਸੰਬਰ ਨੂੰ ਕਿਹਾ ਕਿ ਪਿਛਲੇ ਸਾਲ ਆਈ.ਐਸ.ਆਈ.ਐਸ ਨਾਲ ਸਬੰਧਤ ਹਮਲਿਆਂ ਵਿੱਚ 90 ਪ੍ਰਤੀਸ਼ਤ ਦੀ ਕਮੀ ਆਈ ਹੈ।