ਚੰਡੀਗੜ੍ਹ : ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ (Jagtar Singh Hawara) ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਵਿਰੁੱਧ 2005 ਵਿੱਚ ਖਰੜ ਥਾਣੇ ‘ਚ ਵਿਸਫੋਟਕ ਸਮੱਗਰੀ ਨਾਲ ਸਬੰਧਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਸਨ। ਇਸ ਤੋਂ ਪਹਿਲਾਂ ਉਹ ਮੁਹਾਲੀ ਦੇ ਥਾਣੇ ਤੋਂ ਬਰੀ ਹੋਏ ਸਨ।
ਜਾਣਕਾਰੀ ਅਨੁਸਾਰ, ਹਵਾਰਾ ਸਣੇ ਕੁਝ ਹੋਰ ਲੋਕਾਂ ਵਿਰੁੱਧ 2005 ਵਿੱਚ ਖਰੜ ਥਾਣੇ ਵਿੱਚ ਐਕਸਪਲੋਸਿਵ ਸਬਸਟੈਂਸ ਐਕਟ, 1908 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਉਸ ਸਮੇਂ ਨਾ ਤਾਂ ਹਵਾਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਨਾ ਹੀ ਉਨ੍ਹਾਂ ਤੋਂ ਕੁਝ ਵੀ ਬਰਾਮਦ ਹੋਇਆ ਸੀ।
ਜ਼ਿਕਰ ਯੋਗ ਹੈ ਕਿ ਇਸ ਵੇਲੇ ਜਗਤਾਰ ਸਿੰਘ ਹਵਾਰਾ ਦਿੱਲੀ ਦੇ ਜੇਲ੍ਹ ਵਿੱਚ ਹਨ, ਉਨ੍ਹਾਂ ਨੇ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਹੋਣ ਸਬੰਧੀ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਵਿੱਟ ਪਟੀਸ਼ਨ ਪਾਈ ਸੀ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਕਿ ਉਹ ਤਿਹਾੜ ਜੇਲ੍ਹ ਵਿੱਚ ਬੰਦ ਇੱਕ ਦੋਸ਼ੀ ਕੈਦੀ ਹਨ ਅਤੇ ਦਿੱਲੀ ਵਿੱਚ ਉਨ੍ਹਾਂ ਵਿਰੁੱਧ ਕੋਈ ਕੇਸ ਦਰਜ ਨਹੀਂ ਹੈ। ਇਸ ਵੇਲੇ ਉਹ ਪੰਜਾਬ ਵਿੱਚ ਦਰਜ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।