ਯੂ.ਏ.ਈ. : ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੇ ਵਿਚਕਾਰ, ਭਾਰਤ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਦੇ ਲਈ ਇੱਕ ਸੁਰੱਖਿਆ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਅਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਨੇ ਅੱਜ ਇੱਕ ਨੋਟਿਸ ਜਾਰੀ ਕੀਤਾ ਹੈ।
ਐਡਵਾਇਜ਼ਰੀ ਵਿੱਚ ਭਾਰਤੀਆਂ ਨੂੰ ਸਥਾਨਕ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਸੰਵੇਦਨਸ਼ੀਲ ਖੇਤਰਾਂ ਦੀਆਂ ਫੋਟੋਆਂ ਖਿੱਚਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਯੂਏਈ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਘਟਨਾ ਸਥਾਨ, ਪਾਬੰਦੀਸ਼ੁਦਾ ਖੇਤਰਾਂ, ਜਾਂ ਹਵਾਈ ਅੱਡਿਆਂ ਦੇ ਅੰਦਰ ਫੋਟੋਆਂ ਖਿੱਚਣ ਜਾਂ ਵੀਡੀਓ ਰਿਕਾਰਡ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫੋਟੋ ਖਿੱਚਣ ਜਾਂ ਵੀਡੀਓ ਰਿਕਾਰਡਿੰਗ ’ਤੇ ਮਨਾਹੀ
ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਜਦੋਂ ਵੀ ਕੋਈ ਚੇਤਾਵਨੀ ਅਲਰਟ ਸੁਣਈ ਦੇਵੇ, ਤਾਂ ਉਹ ਤੁਰੰਤ ਕਿਸੀ ਸੁਰੱਖਿਅਤ ਸਥਾਨ ‘ਤੇ ਚਲੇ ਜਾਣ। ਜਦੋਂ ਤੱਕ ਖੇਤਰ ਦੇ ਲਈ ਅਲਰਟ ਹਟਾ ਨਹੀਂ ਲਿਆ ਜਾਵੇ, ਉਹ ਉੱਥੇ ਹੀ ਰਹਿਣ। ਇਸ ਦੇ ਨਾਲ ਹੀ ਲੋਕ ਫੋਟੋ ਖਿੱਚਣ ਜਾਂ ਵੀਡੀਓ ਰਿਕਾਰਡ ਕਰਨ ਦੇ ਲਈ ਬਾਹਰ ਨਿਕਲਣ ਦੀ ਕੋਸ਼ਿਸ਼ ਨ ਕਰਨ।
ਸੋਸ਼ਲ ਮੀਡੀਆ ਦੇ ਲਈ ਵਿਸ਼ੇਸ਼ ਨਿਰਦੇਸ਼
ਐਡਵਾਇਜ਼ਰੀ ਵਿੱਚ ਭਾਰਤੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਡਿਜੀਟਲ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਘਟਨਾ ਸਥਾਨਾਂ ਦੀਆਂ ਤਸਵੀਰਾਂ, ਖਾਸ ਕਰਕੇ ਪ੍ਰੋਜੈਕਟਾਈਲ ਜਾਂ ਸ਼ਰਾਪਨਲ ਨਾਲ ਹੋਏ ਨੁਕਸਾਨ ਦੀਆਂ ਫੋਟੋਆਂ ਸਾਂਝੀਆਂ ਨਾ ਕਰੋ। ਜੇਕਰ ਤੁਸੀਂ ਗੋਲੀਆਂ ਡਿੱਗਦੀਆਂ ਹੋਇਆ ਦੇਖਦੇ ਜਾਂ ਕੋਈ ਸ਼ੱਕੀ ਵਸਤੂ ਦੇਖਦੇ ਹੋ, ਤਾਂ ਉਸ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਵੋ। ਦੂਤਾਵਾਸ ਨੇ ਅਜਿਹੀਆਂ ਥਾਵਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਹਿੱਸੇ ਨੂੰ ਛੂਹਣ ਦੀ ਕੋਸ਼ਿਸ਼ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ।
ਹਵਾਈ ਅੱਡੇ ‘ਤੇ ਫੋਟੋਆਂ ਨਾ ਖਿੱਚੋ
ਯੂਏਈ ਵਿੱਚ ਰਹਿਣ ਵਾਲੇ ਅਤੇ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਏਅਰ ਪੋਰਟ ਦੇ ਅੰਦਰ ਫੋਟੋਆਂ ਨਾ ਖਿੱਚਣ ਜਾਂ ਵੀਡੀਓ ਰਿਕਾਰਡ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਦੂਤਾਵਾਸ ਨੇ ਸਾਰੇ ਭਾਰਤੀਆਂ ਨੂੰ ਖਾੜੀ ਦੇਸ਼ ਵਿੱਚ ਸਥਾਨਕ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਵੀ ਦਿੱਤੀ ਹੈ।











