ਅੰਮ੍ਰਿਤਸਰ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਅਸਰ ਹੁਣ ਸੰਯੁਕਤ ਚੈੱਕ ਪੋਸਟ ਅਟਾਰੀ ਸਰਹੱਦ ‘ਤੇ ਬੀ.ਐਸ.ਐਫ. ਦੀ ਟੂਰਿਸਟ ਗੈਲਰੀ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਜਾਣਕਾਰੀ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦੇ ਚਲਦਿਆਂ ਅਤੇ ਵੱਖ-ਵੱਖ ਅਫਵਾਹਾਂ ਕਾਰਨ ਬੀ.ਐਸ.ਐਫ. ਬੀਟਿੰਗ ਦਿ ਰਿਟਰੀਟ ਸਮਾਰੋਹ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਜੇ.ਸੀ.ਪੀ. ਅਟਾਰੀ ਦੀ ਟੂਰਿਸਟ ਗੈਲਰੀ ਵਿੱਚ ਜਿੱਥੇ ਹਰ ਰੋਜ਼ 40,000 ਜਾਂ ਇਸ ਤੋਂ ਵੱਧ ਸੈਲਾਨੀ ਆਇਆ ਕਰਦੇ ਸਨ ,ਉੱਥੇ ਹੁਣ ਸਿਰਫ 2000 ਟੂਰਿਸਟ ਦੀ ਹੀ ਆਮਦ ਹੋ ਰਹੀ ਹੈ । ਇਸ ਕਾਰਨ ਗੈਲਰੀ ਖਾਲੀ ਨਜ਼ਰ ਆ ਰਹੀ ਹੈ।
ਇਹੀ ਹਾਲ ਪਾਕਿਸਤਾਨੀ ਗੈਲਰੀ ਦਾ ਹੈ, ਉੱਥੇ ਵੀ ਸੈਲਾਨੀਆਂ ਦੀ ਗਿਣਤੀ ਨਾਮਾਤਰ ਰਹਿੰਦੀ ਹੈ। ਬੀ.ਐਸ.ਐਫ. ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਦੌਰਾਨ ਪਾਕਿਸਤਾਨ ਰੇਂਜਰਾਂ ਨਾਲ ਹੱਥ ਨਹੀਂ ਮਿਲਾਇਆ ਜਾਂਦਾ ਅਤੇ ਜ਼ੀਰੋ ਲਾਈਨ ਗੇਟ ਵੀ ਨਹੀਂ ਖੋਲ੍ਹਿਆ ਜਾਂਦਾ।