ਜਲੰਧਰ : ਅੱਜ ਤੜਕੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੁਰਾਲਾ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਟਿੱਪਰ ਵਿਚਾਲੇ ਟੱਕਰ ਹੋ ਗਈ । ਟੱਕਰ ਇੰਨੀ ਭਿਆਨਕ ਸੀ ਕਿ ਟਿੱਪਰ ਪਲਟ ਗਿਆ ਅਤੇ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਮੁਤਾਬਕ ਇਹ ਘਟਨਾ ਸਵੇਰੇ ਕਰੀਬ ਸਾਢੇ ਚਾਰ ਵਜੇ ਵਾਪਰੀ। ਹਰਿਆਣਾ ਰੋਡਵੇਜ਼ ਦੀ ਬੱਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ। ਜਦੋਂ ਬੱਸ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੁਰਾਲਾ ਨੇੜੇ ਪਹੁੰਚੀ ਤਾਂ ਬਜਰੀ ਨਾਲ ਭਰੇ ਟਿੱਪਰ ਨਾਲ ਟਕਰਾ ਗਈ। ਹਾਦਸਾ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਵਾਹਨਾਂ ਦੀਆਂ ਤਸਵੀਰਾਂ ਦੇਖ ਕੇ ਲਗਾਇਆ ਜਾ ਸਕਦਾ ਹੈ। ਸ਼ੁਕਰ ਹੈ ਕਿ ਇੰਨੇ ਭਿਆਨਕ ਹਾਦਸੇ ਦੇ ਬਾਵਜੂਦ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਬੱਸ ਡਰਾਈਵਰ ਕਰਨ ਸਿੰਘ ਪੁੱਤਰ ਈਸ਼ਵਰ ਸਿੰਘ ਵਾਸੀ ਖੇੜੀ ਲੋਚਾ, ਹਿਸਾਰ (ਹਰਿਆਣਾ) ਅਤੇ ਟਰੱਕ ਡਰਾਈਵਰ ਕਮਲਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਚੱਕਵਾ ਦਸੂਹਾ ਨੂੰ ਮਾਮੂਲੀ ਸੱਟਾਂ ਲੱਗੀਆਂ। ਬੱਸ ਵਿਚ ਸਵਾਰ ਯਾਤਰੀਆਂ ਨੂੰ ਵੀ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ। ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਸੜਕ ਸੁਰੱਖਿਆ ਬਲ ਵੀ ਮੌਕੇ ‘ਤੇ ਪਹੁੰਚ ਗਏ।