ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸਖਤ ਅਤੇ ਅਹਿਮ ਫ਼ੈੈਸਲਾ ਲਿਆ ਹੈ। ਭਾਰਤ-ਪਾਕਿ ਸਰਹੱਦ ‘ਤੇ ਰੋਜ਼ਾਨਾ ਬੀਟਿੰਗ ਰਿਟਰੀਟ ਸਮਾਰੋਹ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ।
ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਸੂਚਿਤ ਕੀਤਾ ਹੈ ਕਿ ਅਟਾਰੀ, ਹੁਸੈਨੀਵਾਲਾ ਅਤੇ ਸਾਦਕੀ ਸਰਹੱਦਾਂ ‘ਤੇ ਰਿਟਰੀਟ ਸਮਾਰੋਹ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਸੈਨਿਕਾਂ ਵਿਚਾਲੇ ਹੱਥ ਨਹੀਂ ਮਿਲਾਇਆ ਜਾਵੇਗਾ। ਇਸ ਦੇ ਨਾਲ ਹੀ ਸਮਾਰੋਹ ਦੌਰਾਨ ਸਰਹੱਦ ਦੇ ਗੇਟ ਬੰਦ ਰਹਿਣਗੇ।
ਇਹ ਫ਼ੈਸਲਾ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਹਮਲੇ ਤੋਂ ਬਾਅਦ ਲੋਕਾਂ ਨੇ ਮੰਗ ਕੀਤੀ ਸੀ ਕਿ ਪਾਕਿਸਤਾਨ ਨਾਲ ਰਿਟਰੀਟ ਸਮਾਰੋਹ ਨੂੰ ਰੋਕਿਆ ਜਾਵੇ। ਬੀ.ਐਸ.ਐਫ. ਨੇ ਇਹ ਫ਼ੈੈਸਲਾ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਲਿਆ ਹੈ। ਸਮਾਰੋਹ ਜਾਰੀ ਰਹਿਣਗੇ, ਪਰ ਉਨ੍ਹਾਂ ਵਿੱਚ ਹੁਣ ਰਵਾਇਤੀ ਹੱਥ ਮਿਲਾਉਣ ਵਰਗੇ ਹਿੱਸੇ ਸ਼ਾਮਲ ਨਹੀਂ ਹੋਣਗੇ।