ਦੀਨਾਨਗਰ : ਦੀਨਾਨਗਰ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਪਿਛਲੇ ਕੁਝ ਦਿਨਾਂ ਤੋਂ ਟ੍ਰਾਇਲ ਰਨ ਤੋਂ ਬਾਅਦ ਦੀਨਾਨਗਰ ਤੋਂ ਹਰਿਦੁਆਰ ਲਈ ਸਥਾਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਹੈ। ਪੰਜਾਬ ਰੋਡਵੇਜ਼ ਪਠਾਨਕੋਟ ਦੇ ਜਨਰਲ ਮੈਨੇਜਰ ਨਵਦੀਪ ਸਿੰਘ ਸੰਧੂ ਦੀ ਨਿਗਰਾਨੀ ਹੇਠ ਸ਼ੁਰੂ ਹੋਈ ਇਸ ਬੱਸ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਜ਼ਿਲ੍ਹਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੀਨਾਨਗਰ ਬੱਸ ਸਟੈਂਡ ਤੋਂ ਹਰਿਦੁਆਰ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਸਹਾਇਕ ਟ੍ਰੈਫਿਕ ਕੰਟਰੋਲ ਸਰਬਜੀਤ ਸਿੰਘ, ਐਸ.ਐਸ ਪਠਾਨਕੋਟ ਮੁਨੀਸ਼ ਕੁਮਾਰ ਅਤੇ ਡਿਊਟੀ ਇੰਚਾਰਜ ਗਗਨਦੀਪ ਸਿੰਘ ਬਾਜਵਾ ਵੀ ਹਾਜ਼ਰ ਸਨ।
ਇਸ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਦੀਨਾਨਗਰ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ, ਜਿਸ ਨੂੰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਉਨ੍ਹਾਂ ਦੀਨਾਨਗਰ ਤੋਂ ਹਰਿਦੁਆਰ ਲਈ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਦੀਨਾਨਗਰ ਦੇ ਆਸ ਪਾਸ ਦੇ 250 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਲਾਭ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਹ ਬੱਸ ਪ੍ਰਤੀਦਿਨ ਸ਼ਾਮ 4 ਵਜੇ ਦੀਨਾਨਗਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4 ਵਜੇ ਹਰਿਦੁਆਰ ਪਹੁੰਚੇਗੀ। ਉੱਥੋਂ ਇਹ ਸ਼ਾਮ 4 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4 ਵਜੇ ਦੀਨਾਨਗਰ ਪਹੁੰਚੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਦੇਵ ਸਿੰਘ, ਸਰਪੰਚ ਗੁਰਨਾਮ ਸਿੰਘ ਤਲਵੰਡੀ, ਗੁਰਮੁਖ ਸਿੰਘ ਮਿੰਟਾ, ਯੂਥ ਆਗੂ ਨੋਬਲ ਸਿੰਘ ਤਲਵੰਡੀ, ਕਾਮਰੇਡ ਸੁਭਾਸ਼ ਕੈਰੇ, ਰਜਿੰਦਰ ਮਗਰਾਲਾ ਅਤੇ ਧਰਮਪਾਲ ਮੋਨੂੰ ਤੋਂ ਇਲਾਵਾ ਵੱਡੀ ਗਿਣਤੀ ਵਿਚ ‘ਆਪ’ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।