ਜਲੰਧਰ : ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਬੀਤੇ ਦਿਨ ਪੱਛਮੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ‘ਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ। ਏ.ਟੀ.ਪੀ. ਸੁਖਦੇਵ ਵਸ਼ਿਸ਼ਟ ਦੀ ਅਗਵਾਈ ਵਾਲੀ ਟੀਮ ਨੇ ਘਾਸ ਮੰਡੀ ਸ਼ਮਸ਼ਾਨਘਾਟ ਨੇੜੇ 5 ਨਾਜਾਇਜ਼ ਦੁਕਾਨਾਂ ਨੂੰ ਸੀਲ ਕਰ ਦਿੱਤਾ। ਦਸਮੇਸ਼ ਨਗਰ ਵਿੱਚ 5 ਗੈਰ-ਕਾਨੂੰਨੀ ਦੁਕਾਨਾਂ ਨੂੰ ਨੋਟਿਸ ਜਾਰੀ ਕੀਤੇ ਗਏ । ਇਸੇ ਟੀਮ ਨੇ ਸਮਾਰਟ ਐਨਕਲੇਵ (ਕਾਲਾ ਸੰਘੀਆ ਰੋਡ) ‘ਤੇ ਨਾਜਾਇਜ਼ ਉਸਾਰੀ ਲਈ ਨੋਟਿਸ ਜਾਰੀ ਕੀਤਾ।
ਕਾਲਾ ਸੰਘੀਆ ਰੋਡ ‘ਤੇ ਚੋਪੜਾ ਕਲੋਨੀ ਵਿੱਚ ਇਕ ਡੀਲਰ ਵੱਲੋਂ ਬਣਾਈਆਂ ਦੋ ਮੰਜ਼ਲਾ 3 ਰਿਹਾਇਸ਼ੀ ਇਕਾਈਆਂ ਦਾ ਨਿਰਮਾਣ ਕਾਰਜ ਰੋਕ ਦਿੱਤਾ ਗਿਆ ਅਤੇ ਨੋਟਿਸ ਜਾਰੀ ਕੀਤਾ ਗਿਆ। ਕਾਲਾ ਸੰਘੀਆ ਰੋਡ ‘ਤੇ ਰਾਮ ਸ਼ਰਨਮ ਆਸ਼ਰਮ ਨੇੜੇ ਦੋ ਡੀਲਰਾਂ ਦੁਆਰਾ ਬਣਾਈਆਂ ਅਤੇ ਉਸਾਰੀ ਅਧੀਨ ਚਾਰ ਗੈਰ-ਕਾਨੂੰਨੀ ਦੁਕਾਨਾਂ ਨੂੰ ਨੋਟਿਸ ਦਿੱਤੇ ਗਏ ਸਨ। ਇਕ ਦੁਕਾਨ ਉਸਾਰੀ ਅਧੀਨ ਸੀ, ਜਿਸ ਨੂੰ ਰੋਕਿਆ ਗਿਆ, ਸਾਮਾਨ ਜ਼ਬਤ ਕੀਤਾ ਗਿਆ ਅਤੇ ਨੋਟਿਸ ਜਾਰੀ ਕੀਤਾ ਗਿਆ।
ਕਾਲਾ ਸੰਘੀਆ ਰੋਡ ‘ਤੇ ਕਲੇਰ ਇਲੈਕਟ੍ਰਾਨਿਕਸ ਦੇ ਸਾਹਮਣੇ ਨਕਸ਼ੇ ਦੇ ਉਲਟ ਉਸਾਰੀ ਲਈ ਨੋਟਿਸ ਜਾਰੀ ਕਰਕੇ ਕੰਮ ਰੋਕ ਦਿੱਤਾ ਗਿਆ । ਮਾਤਾ ਚਿੰਤਪੁਰਨੀ ਮੰਦਰ, ਘਈ ਨਗਰ ਦੇ ਸਾਹਮਣੇ ਨਾਜਾਇਜ਼ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਗਿਆ। ਕਾਲਾ ਸੰਘੀਆ ਰੋਡ ‘ਤੇ 3 ਗੈਰ-ਕਾਨੂੰਨੀ ਰਿਹਾਇਸ਼ੀ ਇਕਾਈਆਂ ਅਤੇ ਇਕ ਗੋਦਾਮ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਨਗਰ ਨਿਗਮ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਕਾਰਨ ਨਾਜਾਇਜ਼ ਬਿਲਡਰਾਂ ‘ਚ ਹਲਚਲ ਮਚੀ ਹੋਈ ਹੈ।