ਅੰਮ੍ਰਿਤਸਰ : ਬੀਤੀ ਦੇਰ ਰਾਤ ਮਜੀਠਾ ਥਾਣੇ ਅਧੀਨ ਪੈਂਦੇ ਪਿੰਡ ਮਾਂਗਟ ਵਿੱਚ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਵਿੱਚ ਇੱਕ ਪੈਟਰੋਲ ਪੰਪ ਕਰਮਚਾਰੀ ਗੌਤਮ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਛਾਤੀ ‘ਚ ਗੋਲੀ ਲੱਗੀ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹੋਰ ਕਰਮਚਾਰੀ ਅਮਿਤ ਅਤੇ ਅਰਪਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ ਜਦੋਂ ਕੁਝ ਅਣਪਛਾਤੇ ਵਿਅਕਤੀ ਤੇਲ ਭਰਵਾਉਣ ਲਈ ਪੰਪ ‘ਤੇ ਆਏ ਤਾਂ ਪੰਪ ਬੰਦ ਸੀ, ਜਿਸ ਕਾਰਨ ਕਰਮਚਾਰੀਆਂ ਨੇ ਤੇਲ ਭਰਨ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਗੋਲੀ ਯੂਪੀ ਦੇ ਰਹਿਣ ਵਾਲੇ ਗੌਤਮ ਦੀ ਛਾਤੀ ‘ਚ ਲੱਗੀ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ।
ਗੋਲੀਬਾਰੀ ‘ਚ ਦੂਜੇ ਕਰਮਚਾਰੀ ਅਮਿਤ ਦੇ ਜਬਾੜੇ ‘ਚ ਗੋਲੀ ਲੱਗੀ ਅਤੇ ਤੀਜਾ ਕਰਮਚਾਰੀ ਅਰਪਨ ਵੀ ਜ਼ਖਮੀ ਹੋ ਗਿਆ। ਇਸ ਸਬੰਧੀ ਡੀ.ਐਸ.ਪੀ. ਮਜੀਠਾ, ਅਮੋਲਕ ਸਿੰਘ ਅਤੇ ਐਸ.ਐਚ.ਓ. ਮਜੀਠਾ ਪ੍ਰਭਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।