ਕਪੂਰਥਲਾ : ਕਪੂਰਥਲਾ ‘ਚ ਵਿਆਹ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ‘ਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੰਗੀ ਕਾਲੋਨੀ ਵਿੱਚ ਵਿਆਹ ਤੋਂ ਇੱਕ ਰਾਤ ਪਹਿਲਾਂ ਚੱਲ ਰਹੇ ‘ਜਾਗੋ’ ਸਮਾਗਮ ਦੌਰਾਨ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਸ਼ਾਨੋ-ਸ਼ੌਕਤ ਦਿਖਾਉਣ ਲਈ ਹਵਾਈ ਫਾਇਰਿੰਗ ਕੀਤੀ, ਪਰ ਗੋਲੀ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਦੀ ਛਾਤੀ ਵਿੱਚ ਜਾ ਲੱਗੀ।
ਜਾਗੋ ਸਮਾਰੋਹ ਵਿੱਚ ਚੱਲੀ ਗੋਲੀਬਾਰੀ
ਚਸ਼ਮਦੀਦਾਂ ਦੇ ਅਨੁਸਾਰ, ਸਮਾਰੋਹ ਵਿੱਚ ਸੰਗੀਤ ਅਤੇ ਨਾਚ – ਗਾਣੇ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਲਾਇਸੈਂਸੀ ਹਥਿਆਰ ਤੋਂ ਗੋਲੀ ਚਲਾਈ। ਗੋਲੀਬਾਰੀ ਦੌਰਾਨ, ਇੱਕ ਗੋਲੀ ਸਿੱਧੀ ਇੱਕ ਨੌਜਵਾਨ ਨੂੰ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮੌਕੇ ‘ਤੇ ਹਫੜਾ-ਦਫੜੀ ਮਚ ਗਈ।
ਜ਼ਖਮੀ ਵਿਅਕਤੀ ਨੂੰ ਜਲੰਧਰ ਕੀਤਾ ਗਿਆ ਰੈਫਰ
ਜ਼ਖਮੀ ਵਿਅਕਤੀ ਨੂੰ ਤੁਰੰਤ ਸਥਾਨਕ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ, ਉਸਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਦੀ ਨਿਗਰਾਨੀ ਹੇਠ ਉਸਦਾ ਇਲਾਜ ਚੱਲ ਰਿਹਾ ਹੈ।
ਥਾਣਾ ਸਿਟੀ ਵਿੱਚ ਮਾਮਲਾ ਦਰਜ
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਿਟੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹੈ। ਘਟਨਾ ਦੀ ਪੂਰੀ ਸੱਚਾਈ ਦਾ ਪਤਾ ਲਗਾਉਣ ਲਈ ਘਟਨਾ ਦੀ ਵੀਡੀਓਗ੍ਰਾਫੀ ਵੀ ਇਕੱਠੀ ਕੀਤੀ ਜਾ ਰਹੀ ਹੈ।
ਗੋਲੀਬਾਰੀ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਿਆਹਾਂ ਅਤੇ ਹੋਰ ਸਮਾਰੋਹਾਂ ‘ਤੇ ਗੋਲੀਬਾਰੀ ਕਰਨਾ ਕਾਨੂੰਨੀ ਅਪਰਾਧ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਸ਼ਨ ਦੇ ਮੌਕਿਆਂ ਦੌਰਾਨ ਅਜਿਹੀਆਂ ਖ਼ਤਰਨਾਕ ਗਤੀਵਿਧੀਆਂ ਤੋਂ ਪਰਹੇਜ਼ ਕੀਤਾ ਜਾਵੇ, ਤਾਂ ਜੋ ਜਾਨਾਂ ਖਤਰੇ ਵਿੱਚ ਨਾ ਪੈਣ।











