Sports News : ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਦੱਖਣੀ ਅਫਰੀਕਾ ਦੇ ਕੋਰਬਿਨ ਬੋਸ਼ ‘ਤੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਖੇਡਣ ਲਈ ਪਾਕਿਸਤਾਨ ਸੁਪਰ ਲੀਗ (PSL) ਨਾਲ ਆਪਣਾ ਸਮਝੌਤਾ ਖਤਮ ਕਰਨ ਲਈ ਇੱਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।
ਬੋਸ਼ ਨੂੰ ਪਾਕਿਸਤਾਨ ਸੁਪਰ ਲੀਗ ਫਰੈਂਚਾਇਜ਼ੀ ਪੇਸ਼ਾਵਰ ਜ਼ਲਮੀ ਨੇ ਜਨਵਰੀ ਡਰਾਫਟ ਵਿਚ ਆਪਣੀ ਟੀਮ ਵਿਚ ਚੁਣਿਆ ਸੀ। ਇਸ ਤੋਂ ਬਾਅਦ ਆਈ.ਪੀ.ਐਲ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਨੇ ਸੱਟ ਲੱਗਣ ਕਾਰਨ ਦੱਖਣੀ ਅਫਰੀਕਾ ਦੇ ਇਕ ਹੋਰ ਖਿਡਾਰੀ ਲਿਜ਼ਾਦ ਵਿਲੀਅਮਜ਼ ਦੀ ਥਾਂ ਬੋਸ਼ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ। ਬੋਸ਼ ਨੇ ਪੀ.ਐਸ.ਐਲ ਦੀ ਬਜਾਏ ਆਈ.ਪੀ.ਐਲ ਵਿੱਚ ਖੇਡਣ ਨੂੰ ਤਰਜੀਹ ਦਿੱਤੀ, ਜਿਸ ਤੋਂ ਬਾਅਦ ਪੀ.ਸੀ.ਬੀ ਨੇ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਨੋਟਿਸ ਜਾਰੀ ਕਰਕੇ ਉਨ੍ਹਾਂ ‘ਤੇ ਇਕਰਾਰਨਾਮੇ ਦੀ ਉਲੰਘਣਾ ਦਾ ਦੋਸ਼ ਲਾਇਆ।
ਇਸ ਸਾਲ ਆਈ.ਪੀ.ਐਲ ਅਤੇ ਪੀ.ਐਸ.ਐਲ ਲਗਭਗ ਇੱਕੋ ਸਮੇਂ ਆਯੋਜਿਤ ਕੀਤੇ ਜਾ ਰਹੇ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਬੀਤ ਦਿਨ ਇਕ ਬਿਆਨ ਵਿਚ ਕਿਹਾ ਕਿ ਆਲਰਾਊਂਡਰ ‘ਤੇ ਇਕ ਸਾਲ ਦੀ ਪਾਬੰਦੀ ਲਗਾਈ ਗਈ ਹੈ ਅਤੇ ਉਹ ਅਗਲੇ ਸਾਲ ਪਾਕਿਸਤਾਨ ਸੁਪਰ ਲੀਗ ਵਿਚ ਖੇਡਣ ਲਈ ਚੋਣ ਲਈ ਯੋਗ ਨਹੀਂ ਹੋਵੇਗਾ। ਬੋਸ਼ ਨੇ ਕਿਹਾ ਕਿ ਮੈਨੂੰ ਆਪਣੇ ਫ਼ੈੈਸਲੇ ‘ਤੇ ਡੂੰਘਾ ਅਫਸੋਸ ਹੈ ਅਤੇ ਮੈਂ ਪਾਕਿਸਤਾਨ ਦੇ ਲੋਕਾਂ, ਪੇਸ਼ਾਵਰ ਜ਼ਲਮੀ ਦੇ ਪ੍ਰਸ਼ੰਸਕਾਂ ਅਤੇ ਕ੍ਰਿਕਟ ਭਾਈਚਾਰੇ ਤੋਂ ਮੁਆਫੀ ਮੰਗਦਾ ਹਾਂ। ਮੈਨੂੰ ਉਮੀਦ ਹੈ ਕਿ ਮੈਂ ਭਵਿੱਖ ਵਿੱਚ ਪ੍ਰਸ਼ੰਸਕਾਂ ਦੇ ਨਵੇਂ ਸਮਰਪਣ ਅਤੇ ਵਿਸ਼ਵਾਸ ਨਾਲ ਪੀ.ਐਸ.ਐਲ ਵਿੱਚ ਵਾਪਸੀ ਕਰਾਂਗਾ।