ਜਲੰਧਰ : ਮਨੋਰੰਜਨ ਕਾਲੀਆ ਦੇ ਘਰ ਹੋਏ ਧਮਾਕੇ ਦੇ ਮਾਮਲੇ ‘ਚ ਜਲੰਧਰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਦਿੱਲੀ ਤੋਂ ਦੋ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਦੀ ਇਸ ਮਾਮਲੇ ‘ਚ ਕੀ ਭੂਮਿਕਾ ਸੀ ਇਸਨੂੰ ਲੈ ਕੇ ਜਲੰਧਰ ਪੁਲਿਸ ਦਾ ਕੋਈ ਬਿਆਨ ਨਹੀਂ ਆਇਆ ਹੈ। ਜਲੰਧਰ ਪੁਲਿਸ ਦੀ ਇਕ ਹੋਰ ਟੀਮ ਦਿੱਲੀ ਭੇਜੀ ਗਈ ਹੈ।
ਇਸ ਦੇ ਨਾਲ ਹੀ ਕਾਲੀਆ ਦੇ ਘਰ ‘ਤੇ ਹੈਂਡ ਗ੍ਰਨੇਡ ਨਾਲ ਹੋਏ ਹਮਲੇ ਦੀ ਜਾਂਚ ਲਈ ਐਨ.ਆਈ.ਏ. ਜਲੰਧਰ ਆਵੇਗੀ। ਜਲੰਧਰ ਪੁਲਿਸ ਮੁਲਜ਼ਮਾਂ ਦੇ ਨੈੱਟਵਰਕ ਨੂੰ ਤੋੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਖਾਲਿਸਤਾਨ ਆਰਮਡ ਫੋਰਸ ਵੱਲੋਂ ਧਮਾਕੇ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਨਾ ਸਿਰਫ ਜਲੰਧਰ ਪੁਲਿਸ ਬਲਕਿ ਕੇਂਦਰ ਦੀਆਂ ਏਜੰਸੀਆਂ ਵੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਦੂਜੇ ਪਾਸੇ ਗ੍ਰਿਫ਼ਤਾਰ ਕੀਤੇ ਗਏ ਈ-ਰਿਕਸ਼ਾ ਚਾਲਕ ਸਤੀਸ਼ ਵਾਸੀ ਭਾਰਗਵ ਕੈਂਪ ਅਤੇ ਉਸ ਦੀ ਮਾਸੀ ਦੇ ਲੜਕੇ ਹੈਰੀ ਵਾਸੀ ਗੜ੍ਹਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਜਿਸ ਯੂ.ਪੀ.ਆਈ. ਨੰਬਰ ਤੋਂ ਸਤੀਸ਼ ਨੂੰ ਪੈਸੇ ਭੇਜੇ ਗਏ ਸਨ, ਉਹ ਗਾਜ਼ੀਆਬਾਦ ਦਾ ਹੈ। ਕੁਝ ਜਾਣਕਾਰੀਆਂ ਵੀ ਮਿਲੀਆਂ ਹਨ ਜਿਸ ਤੋਂ ਬਾਅਦ ਇਕ ਹੋਰ ਟੀਮ ਯੂ.ਪੀ ਦੇ ਗਾਜ਼ੀਆਬਾਦ ਲਈ ਰਵਾਨਾ ਹੋ ਗਈ ਹੈ। ਇਹ ਵੀ ਚਰਚਾ ਹੈ ਕਿ ਸਾਰੀ ਯੋਜਨਾਬੰਦੀ ਯੂ.ਪੀ ਵਿੱਚ ਬੈਠ ਕੇ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪੰਜਾਬ ਨੇ ਇਕ ਹੈਂਡ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇੇ ਯੂ.ਪੀ ਦੇ ਪੀਲੀਭੀਤ ਵਿੱਚ ਐਨਂਕਾਊਟਰ ਕੀਤਾ ਸੀ। ਧਮਾਕੇ ਦੇ ਪੰਜਾਬੀ ਦੋਸ਼ੀ ਉਥੇ ਹੀ ਰੁੱਕੇ ਹੋਏ ਸਨ।
ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਸੋਮਵਾਰ ਰਾਤ ਕਰੀਬ 1 ਵਜੇ ਅਣਪਛਾਤੇ ਹਮਲਾਵਰਾਂ ਨੇ ਧਮਾਕਾਖੇਜ਼ ਸਮੱਗਰੀ ਸੁੱਟੀ, ਜਿਸ ਨਾਲ ਵੱਡਾ ਧਮਾਕਾ ਹੋਇਆ। ਇਸ ਧਮਾਕੇ ‘ਚ ਉਨ੍ਹਾਂ ਦੇ ਘਰ ‘ਚ ਖੜ੍ਹੀ ਕਾਰ, ਮੋਟਰਸਾਈਕਲ ਅਤੇ ਦਰਵਾਜ਼ੇ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਇਸ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਇਕ ਈ-ਰਿਕਸ਼ਾ ਆਟੋ ‘ਚ ਆਏ ਅਤੇ ਤੇਜ਼ੀ ਨਾਲ ਗ੍ਰਨੇਡ ਸੁੱਟ ਕੇ ਫਰਾਰ ਹੋ ਗਏ। ਗ੍ਰੇਨੇਡ ਸੁੱਟੇ ਹੀ ਤੁਰੰਤ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਆਲੇ-ਦੁਆਲੇ ਦਹਿਸ਼ਤ ਫੈਲ ਗਈ।