ਮੁੰਬਈ: ਸਾਊਥ ਫਿਲਮ ਇੰਡਸਟਰੀ ਦੇ ਇਕ ਮਸ਼ਹੂਰ ਪਰਿਵਾਰ ਦਾ ਡਰਾਮਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਮੰਚੂ ਪਰਿਵਾਰ ਦੀ । ਜੀ ਹਾਂ, ਅਦਾਕਾਰ ਮੋਹਨ ਬਾਬੂ ਦੇ ਪਰਿਵਾਰ ‘ਚ ਆਪਸੀ ਮਤਭੇਦ ਚਲ ਰਿਹਾ ਹੈ ਜੋ ਹੁਣ ਸੜਕ ‘ਤੇ ਪਹੁੰਚ ਗਿਆ ਹੈ। ਮੋਹਨ ਬਾਬੂ ਦੇ ਬੇਟੇ ਅਤੇ ਅਦਾਕਾਰ ਮੰਚੂ ਮਨੋਜ ਆਪਣੇ ਪਿਤਾ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠ ਗਏ ਹਨ। ਹੈਦਰਾਬਾਦ ਤੋਂ ਉਨ੍ਹਾਂ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਹੇ ਹਨ।
ਬੀਤੇ ਦਿਨ ਮਨੋਜ ਨੇ ਆਪਣੇ ਪਿਤਾ ਮੋਹਨ ਬਾਬੂ ਦੇ ਜਲਪੱਲੀ ਸਥਿਤ ਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਘਰ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮਨੋਜ ਨੇ ਫਿਰ ਗੇਟ ਦੇ ਬਾਹਰ ਬੈਠਣ ਅਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈੈਸਲਾ ਕੀਤਾ। ਘਰ ਦੇ ਬਾਹਰ ਬੈਠੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ। ਅੱਜ ਸਵੇਰੇ ਮੋਹਨ ਬਾਬੂ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਅਤੇ ਮਨੋਜ ਨੂੰ ਮੌਕੇ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਫ਼ਲਤਾ ਨਹੀਂ ਮਿਲੀ।
ਭਰਾ ਵਿਸ਼ਨੂੰ ਮੰਚੂ ‘ਤੇ ਲਗਾਏ ਭੰਨਤੋੜ ਤੇ ਕਾਰ ਚੋਰੀ ਦੇ ਦੋਸ਼
ਬੀਤੇ ਦਿਨ ਮਨੋਜ ਨੇ ਪੁਲਿਸ ਕੋਲ ਪਹੁੰਚ ਕੀਤੀ ਅਤੇ ਆਪਣੇ ਭਰਾ ਵਿਸ਼ਨੂੰ ਮੰਚੂ ‘ਤੇ ਉਨ੍ਹਾਂ ਦੇ ਘਰ ਵਿੱਚ ਭੰਨਤੋੜ ਕਰਨ ਅਤੇ ਉਨ੍ਹਾਂ ਦੀ ਕਾਰ ਚੋਰੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ 1 ਅਪ੍ਰੈਲ ਨੂੰ ਆਪਣੇ ਬੇਟੇ ਦਾ ਜਨਮਦਿਨ ਮਨਾਉਣ ਲਈ ਜੈਪੁਰ ਵਿੱਚ ਸਨ ਜਦੋਂ ਵਿਸ਼ਨੂੰ 150 ਲੋਕਾਂ ਨਾਲ ਜਲਪੱਲੀ ਵਿੱਚ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਭੰਨਤੋੜ ਕੀਤੀ। ਉਨ੍ਹਾਂ ਨੇ ਵਿਸ਼ਨੂੰ ‘ਤੇ ਉਨ੍ਹਾਂ ਦੀਆਂ ਕਾਰਾਂ ਨੂੰ ਟੋਅ ਕਰਵਾਉਣ ਅਤੇ ਉਨ੍ਹਾਂ ਨੂੰ ਸੜਕ ‘ਤੇ ਛੱਡਣ ਦਾ ਵੀ ਦੋਸ਼ ਲਾਇਆ।
ਭਰਾ ਵਿਸ਼ਨੂੰ ਮੰਚੂ ‘ਤੇ ਦੋਸ਼ ਲਗਾਉਂਦੇ ਹੋਏ ਮਨੋਜ ਨੇ ਕਿਹਾ-ਉਨ੍ਹਾਂ ਨੇ ਇਕ ਕਾਰ ਚੋਰੀ ਕੀਤੀ ਅਤੇ ਉਸ ਨੂੰ ਵਿਸ਼ਨੂੰ ਦੇ ਘਰ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਮੇਰੇ ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕੀਤਾ। ਜਦੋਂ ਮੈਂ ਨਰਸਿੰਗੀ ਪੁਲਿਸ ਨੂੰ ਆਪਣੀ ਗੁੰਮ ਹੋਈ ਕਾਰ ਬਾਰੇ ਦੱਸਿਆ, ਤਾਂ ਇਹ ਵਿਸ਼ਨੂੰ ਦੇ ਘਰੋਂ ਮਿਲੀ। ‘
ਜ਼ਿਕਰਯੋਗ ਹੈ ਕਿ ਮਨੋਜ ਮੰਚੂ ਦਾ ਮੋਹਨ ਬਾਬੂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਜਾਇਦਾਦ ਦਾ ਕਈ ਮਹੀਨਿਆਂ ਤੋਂ ਵਿਵਾਦ ਚਲ ਰਿਹਾ ਹੈ । ਸਾਲ 2023 ‘ਚ ਵਿਸ਼ਨੂੰ ਮੰਚੂ ਅਤੇ ਮਨੋਜ ਵਿਚਾਲੇ ਝਗੜਾ ਹੋਣ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਦਸੰਬਰ 2024 ਵਿੱਚ, ਮੋਹਨ ਬਾਬੂ ਨੇ ਮਨੋਜ ਦੇ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਬੇਟੇ ਤੋਂ ਖਤਰਾ ਮਹਿਸੂਸ ਕਰਦਾ ਹੈ ਅਤੇ ਉਸਨੂੰ ਆਪਣੀ ਜਾਨ ਦਾ ਡਰ ਹੈ।