ਲੁਧਿਆਣਾ : ਜੋਧੇਵਾਲ ਥਾਣੇ ਦੀ ਪੁਲਿਸ ਨੇ ਇਕ ਸ਼ਰਾਬ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਦੋ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 422 ਬੋਤਲਾਂ ਸ਼ਰਾਬ ਰਸਭਰੀ ਦੀਆਂ ਬਰਾਮਦ ਕੀਤੀਆਂ ਹਨ।
ਉਪਰੋਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਅਨਿਲ ਕੁਮਾਰ ਕਾਲਾ ਪੁੱਤਰ ਕੀਮਤੀ ਲਾਲ ਵਾਸੀ ਸੰਨਿਆਸ ਨਗਰ ਦੀ ਸ਼ਿਕਾਇਤ ‘ਤੇ ਓਮਕਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਅਤੇ ਸੁਸ਼ੀਲ ਕੁਮਾਰ ਪੁੱਤਰ ਰਘੁਵੀਰ ਸਿੰਘ ਵਾਸੀ ਕਾਂਗੜਾ ਹਿਮਾਚਲ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਇਕ ਸ਼ਰਾਬ ਦੀ ਦੁਕਾਨ ‘ਤੇ ਕੰਮ ਕਰਦੇ ਸਨ ਜਿੱਥੋਂ ਸੰਨਿਆਸ ਨਗਰ ਦੇ ਰਹਿਣ ਵਾਲੇ ਰਿੰਕੂ, ਦੇਵੀ ਅਤੇ ਮੰਗੂ ਨੇ ਸ਼ਰਾਬ ਖਰੀਦੀ ਸੀ, ਜਿਸ ਕਾਰਨ ਸ਼ਰਾਬ ਪੀਣ ਤੋਂ ਬਾਅਦ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਗਈ ਸੀ । ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।